ਕੁਪਵਾੜਾ ’ਚ ਲਸ਼ਕਰ-ਏ-ਤੋਇਬਾ ਦੇ ਮਾਡਿਊਲ ਦਾ ਪਰਦਾਫਾਸ਼, 6 ਗ੍ਰਿਫਤਾਰ

03/23/2020 9:28:38 PM

ਸ਼੍ਰੀਨਗਰ (ਭਾਸ਼ਾ, ਅਰੀਜ)– ਸੁਰੱਖਿਆ ਫੋਰਸਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਲਸ਼ਕਰ-ਏ-ਤੋਇਬਾ ਦੇ ‘ਸ਼ੈਡੋ’ ਸੰਗਠਨ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰ ਕੇ 6 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਗਠਿਤ ‘ਦਿ ਰੈਸਿਸਟੈਂਸ ਫਰੰਟ’ ਦੇ 6 ਮੈਂਬਰਾਂ ਨੂੰ ਬਾਰਾਮੁੱਲਾ ਜ਼ਿਲੇ ਦੇ ਸੋਪੋਰ ਤੋਂ ਕੁਪਵਾੜਾ ਜ਼ਿਲੇ ’ਚ ਕੰਟਰੋਲ ਲਾਈਨ ਦੇ ਨੇੜੇ ਕੇਰਨ ਤੱਕ ਚਲਾਈ ਗਈ ਇਕ ਮੁਹਿੰਮ ਦੌਰਾਨ ਗ੍ਰਿਫਤਾਰ ਕੀਤਾ ਗਿਆ। ਉਕਤ ਸੰਗਠਨ ਨੂੰ ਲਸ਼ਕਰ-ਏ-ਤੋਇਬਾ ਦਾ ‘ਸ਼ੈਡੋ’ ਸੰਗਠਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਰਨ ਤੋਂ ਸੋਪੋਰ ਹਸਪਤਾਲ ਤੱਕ ਹਥਿਆਰ ਅਤੇ ਗੋਲਾ-ਬਾਰੂਦ ਲਿਜਾਏ ਜਾਣ ਬਾਰੇ ਪੁਲਸ ਵਲੋਂ ਪ੍ਰਾਪਤ ਇਕ ਸੂਚਨਾ ’ਤੇ ਸੁਰੱਖਿਆ ਫੋਰਸਾਂ ਨੇ ਕਾਰਵਾਈ ਸ਼ੁਰੂ ਕੀਤੀ ਅਤੇ 4 ਟੀਮਾਂ ਦਾ ਗਠਨ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਫੜੇ ਗਏ ਲੋਕਾਂ ਦੀ ਪਛਾਣ ਅਹਤੇਸ਼ਾਮ ਫਾਰੂਕ ਮਲਿਕ, ਸ਼ਫਾਕਤ ਅਲੀ ਟਾਗੂ, ਮੁਸੈਬ ਹਸਨ ਭੱਟ, ਨਿਸਾਰ ਅਹਿਮ ਗਨਈ, ਕਬੀਰ ਲੋਨ ਅਤੇ ਸ਼ਰਾਫਤ ਅਹਿਮਦ ਖਾਨ ਦੇ ਰੂਪ ’ਚ ਹੋਈ ਹੈ। ਇਨ੍ਹਾਂ 6 ਅੱਤਵਾਦੀਆਂ ਕੋਲੋਂ 8 ਏ. ਕੇ.-47 ਰਾਈਫਲਾਂ, 25 ਏ. ਕੇ. -47 ਰਾਈਫਲ ਦੀਆਂ ਮੈਗਜ਼ੀਨਾਂ, 10 ਪਿਸਤੌਲਾਂ, 1000 ਤੋਂ ਜ਼ਿਆਦਾ ਏ. ਕੇ.-47 ਰਾਈਫਲ ਅਤੇ ਪਿਸਤੌਲ ਦੀਆਂ ਗੋਲੀਆਂ, 89 ਹੱਥਗੋਲੇ ਅਤੇ 21 ਡੈਟੋਨੇਟਰ ਫਿਊਜ਼ ਬਰਾਮਦ ਕੀਤੇ ਗਏ ਹਨ। ਇਸ ਦਰਮਿਆਨ ਪੁਲਸ ਨੇ 4 ਹੋਰ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਨਾਂ ਇਨ੍ਹਾਂ ਅੱਤਵਾਦੀਆਂ ਨੇ ਦੱਸੇ ਹਨ।


Gurdeep Singh

Content Editor

Related News