ਯੂਸੁਫ਼ ਪਠਾਨ ਨੂੰ 20 ਕਰੋੜ ਰੁਪਏ ਦੀ ਜ਼ਮੀਨ 5.5 ਕਰੋੜ ’ਚ, ਇਸ ਨੂੰ ਲੈ ਕੇ ਗੁਜਰਾਤ ਸਰਕਾਰ ਨਾਲ ਸੀ ਵਿਵਾਦ
Tuesday, Oct 20, 2026 - 07:48 PM (IST)
ਵਡੋਦਰਾ, (ਏਜੰਸੀ)-ਗੁਜਰਾਤ ਸਰਕਾਰ ਨੇ ਸੰਸਦ ਮੈਂਬਰ ਯੂਸੁਫ਼ ਪਠਾਨ ਨੂੰ ਵਡੋਦਰਾ ਵਿਚ 978 ਵਰਗ ਮੀਟਰ ਦਾ ਪਲਾਟ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਕੁੱਲ ਕੀਮਤ 20.53 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਵਿਚ 500 ਵਰਗ ਮੀਟਰ ਜ਼ਮੀਨ ਫ੍ਰੀ ਦਿੱਤੀ ਜਾਵੇਗੀ, ਜਿਸ ਦੀ ਕੀਮਤ 10.50 ਕਰੋੜ ਰੁਪਏ ਹੈ। ਉੱਥੇ ਹੀ, ਬਾਕੀ 478 ਵਰਗ ਮੀਟਰ ਜ਼ਮੀਨ ਲਈ ਤੈਅ ਕੀਮਤ ਦਾ 55% ਭਾਵ ਲੱਗਭਗ 5.52 ਕਰੋੜ ਰੁਪਏ ਦੇਣੇ ਹੋਣਗੇ।
ਇਸ ਸਬੰਧ ਵਿਚ ਨਗਰ ਨਿਗਮ ਨੂੰ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਨੇ ਪਲਾਟ ਅਲਾਟਮੈਂਟ ਦੀ ਤਜਵੀਜ਼ ਮਨਜ਼ੂਰੀ ਲਈ ਸਥਾਈ ਕਮੇਟੀ ਦੇ ਸਾਹਮਣੇ ਰੱਖੀ ਹੈ। ਹਾਲਾਂਕਿ, ਪਲਾਟ ਦਾ ਮਾਲਕਾਨਾ ਹੱਕ ਲੈਣ ਲਈ ਅਜੇ ਅੰਤਿਮ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਜ਼ਮੀਨ ਨੂੰ ਲੈ ਕੇ ਗੁਜਰਾਤ ਸਰਕਾਰ ਅਤੇ ਯੂਸੁਫ਼ ਪਠਾਨ ਵਿਚਾਲੇ 14 ਸਾਲਾਂ ਤੋਂ ਵਿਵਾਦ ਸੀ।
ਯੂਸੁਫ਼ ਪਠਾਨ 14 ਜੂਨ ਨੂੰ ਤ੍ਰਿਣਮੂਲ ਕਾਂਗਰਸ ਛੱਡ ਕੇ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਨਾਲ ਤ੍ਰਿਣਮੂਲ ਦੇ 19 ਹੋਰ ਸੰਸਦ ਮੈਂਬਰਾਂ ਦੇ ਵੀ ਪਾਰਟੀ ਛੱਡਣ ਦਾ ਦਾਅਵਾ ਕੀਤਾ ਗਿਆ ਸੀ।
ਯੂਸੁਫ਼ ਨੇ 2012 ’ਚ ਮੰਗੀ ਸੀ ਜ਼ਮੀਨ
ਯੂਸੁਫ਼ ਪਠਾਨ ਦਾ ਘਰ ਵਡੋਦਰਾ ਦੇ ਤਾਂਦਲਜਾ ਇਲਾਕੇ ਵਿਚ ਹੈ। ਉਨ੍ਹਾਂ ਦੇ ਘਰ ਨੇੜੇ ਸ਼ੁਭਮ ਪਾਰਟੀ ਪਲਾਟ ਦੇ ਲਾਗੇ 978 ਵਰਗ ਮੀਟਰ ਜ਼ਮੀਨ ਹੈ। ਸਾਲ 2012 ਵਿਚ ਪਠਾਨ ਨੇ ਇਹ ਜ਼ਮੀਨ ਮੰਗੀ ਸੀ। ਨਗਰ ਨਿਗਮ ਨੇ ਤਜਵੀਜ਼ ਮਨਜ਼ੂਰ ਕੀਤੀ, ਪਰ ਸੂਬਾ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਜ਼ਮੀਨ ’ਤੇ ਚਾਰਦੀਵਾਰੀ ਅਤੇ ਪਸ਼ੂਆਂ ਲਈ ਸ਼ੈੱਡ ਬਣਾਇਆ ਗਿਆ। ਨਗਰ ਨਿਗਮ ਦਾ ਨੋਟਿਸ ਮਿਲਣ ’ਤੇ ਪਠਾਨ ਹਾਈ ਕੋਰਟ ਗਏ ਸਨ। ਹੁਣ 14 ਸਾਲਾਂ ਬਾਅਦ ਜ਼ਮੀਨ ਦੇਣ ਦੀ ਪ੍ਰਕਿਰਿਆ ਮੁੜ ਸ਼ੁਰੂ ਹੋਈ ਹੈ।
