Lamborghini ਕਾਂਡ ਮਾਮਲੇ ''ਚ ਮੁਲਜ਼ਮ ਨੂੰ ਵੱਡੀ ਰਾਹਤ ! ਅਦਾਲਤ ਨੇ ਦਿੱਤੀ ਜ਼ਮਾਨਤ
Thursday, Feb 12, 2026 - 04:32 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵਾਪਰੇ ਹਾਈ-ਪ੍ਰੋਫਾਈਲ 'ਲੈਂਬਰਗਿਨੀ' ਹਾਦਸੇ ਦੇ ਮੁੱਖ ਮੁਲਜ਼ਮ ਸ਼ਿਵਮ ਮਿਸ਼ਰਾ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਵੀਰਵਾਰ ਨੂੰ ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਕਾਨਪੁਰ ਦੀ ਇੱਕ ਅਦਾਲਤ ਨੇ ਸ਼ਿਵਮ ਮਿਸ਼ਰਾ ਨੂੰ 20,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਹੈ।
ਸਥਾਨਕ ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਬੇਟੇ ਸ਼ਿਵਮ ਮਿਸ਼ਰਾ ਨੂੰ ਪੁਲਸ ਨੇ ਲੰਬੀ ਫ਼ਰਾਰੀ ਤੋਂ ਬਾਅਦ ਵੀਰਵਾਰ ਨੂੰ ਹੀ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਪੁਲਸ ਨੇ ਪੁੱਛਗਿੱਛ ਲਈ 14 ਦਿਨਾਂ ਦੀ ਰਿਮਾਂਡ ਮੰਗੀ ਸੀ, ਪਰ ਅਦਾਲਤ ਨੇ ਇਸ ਨੂੰ ਠੁਕਰਾ ਦਿੱਤਾ ਤੇ ਉਸ ਨੂੰ ਜ਼ਮਾਨਤ ਦੇਣ ਦਾ ਫ਼ੈਸਲਾ ਸੁਣਾ ਦਿੱਤਾ।
ਬਚਾਅ ਪੱਖ ਦੇ ਵਕੀਲ ਅਨੰਤ ਸ਼ਰਮਾ ਨੇ ਦਲੀਲ ਦਿੱਤੀ ਕਿ ਪੁਲਸ ਨੇ ਨੋਟਿਸ ਪ੍ਰਕਿਰਿਆ ਦਾ ਸਹੀ ਪਾਲਣ ਨਹੀਂ ਕੀਤਾ। ਅਦਾਲਤ ਨੇ ਪੁਲਸ ਦੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਸ਼ਿਵਮ ਨੂੰ ਇਸ ਸ਼ਰਤ 'ਤੇ ਜ਼ਮਾਨਤ ਦਿੱਤੀ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰੇਗਾ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ (8 ਫਰਵਰੀ) ਨੂੰ ਕਾਨਪੁਰ ਦੀ ਵੀ.ਆਈ.ਪੀ. ਰੋਡ 'ਤੇ ਇੱਕ ਤੇਜ਼ ਰਫ਼ਤਾਰ ਲੈਂਬਰਗਿਨੀ ਨੇ ਕਈ ਵਾਹਨਾਂ ਅਤੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿੱਚ 6 ਲੋਕ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਡਰਾਮਾ ਚੱਲ ਰਿਹਾ ਸੀ। ਸ਼ਿਵਮ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਕਾਰ ਸ਼ਿਵਮ ਨਹੀਂ ਸਗੋਂ ਉਨ੍ਹਾਂ ਦਾ ਡਰਾਈਵਰ ਮੋਹਨ ਚਲਾ ਰਿਹਾ ਸੀ। ਹਾਲਾਂਕਿ, ਪੁਲਸ ਨੇ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਆਧਾਰ 'ਤੇ ਪੁਸ਼ਟੀ ਕੀਤੀ ਕਿ ਹਾਦਸੇ ਵੇਲੇ ਸ਼ਿਵਮ ਹੀ ਡਰਾਈਵਿੰਗ ਸੀਟ 'ਤੇ ਮੌਜੂਦ ਸੀ।
