ਲਾਲੂ ਦੀ ਜ਼ਮਾਨਤ ਫਿਰ ਹੋਈ ਮੁਲਤਵੀ, ਤੇਜ ਪ੍ਰਤਾਪ ਨੇ ਰਿਹਾਈ ਲਈ ਰਾਸ਼ਟਰਪਤੀ ਨੂੰ ਭੇਜੇ ਪੋਸਟਕਾਰਡ
Saturday, Feb 13, 2021 - 02:50 AM (IST)
ਰਾਂਚੀ/ਪਟਨਾ - ਰਾਜਦ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਲਈ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਝਾਰਖੰਡ ਹਾਈ ਕੋਰਟ ਵਿਚ ਚਾਰਾ ਘਪਲਾ ਮਾਮਲੇ ਵਿਚ ਲਾਲੂ ਦੀ ਜ਼ਮਾਨਤ ਵਾਲੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਝਾਰਖੰਡ ਹਾਈ ਕੋਰਟ ਹੁਣ ਜ਼ਮਾਨਤ ਦੀ ਪਟੀਸ਼ਨ 'ਤੇ 19 ਫਰਵਰੀ ਨੂੰ ਸੁਣਵਾਈ ਕਰੇਗੀ।
ਦੁਮਕਾ ਸਰਕਾਰੀ ਖਜ਼ਾਨੇ ਤੋਂ ਫੰਡਾਂ ਦੀ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿਚ ਲਾਲੂ ਵੱਲੋਂ ਅੱਧੀ ਸਜ਼ਾ ਕੱਟ ਲੈਣ ਦੇ ਦਾਅਵੇ ਦਾ ਸੀ. ਬੀ. ਆਈ. ਨੇ ਵਿਰੋਧ ਕੀਤਾ। ਸੀ. ਬੀ. ਆਈ. ਵੱਲੋਂ ਕਿਹਾ ਗਿਆ ਕਿ ਲਾਲੂ ਪ੍ਰਸਾਦ ਨੇ ਜੋ ਦਾਅਵਾ ਕੀਤਾ ਹੈ, ਉਹ ਸਹੀ ਨਹੀਂ ਹੈ। ਉਨ੍ਹਾਂ ਦੀ ਅੱਧੀ ਸਜ਼ਾ ਪੂਰੀ ਹੋਣ ਵਿਚ ਅਜੇ ਸਮਾਂ ਹੈ। ਇਸ ਤੋਂ ਬਾਅਦ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ ਨੇ ਲਾਲੂ ਪ੍ਰਸਾਦ ਅਤੇ ਸੀ. ਬੀ. ਆਈ. ਤੋਂ ਹਿਰਾਸਤ ਦੀ ਮਿਆਦ ਵਾਲੀ ਇਕ ਪ੍ਰਮਾਣਿਤ ਕਾਪੀ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਅਤੇ ਸੁਣਵਾਈ ਮੁਲਤਵੀ ਕਰ ਦਿੱਤੀ।
ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜ ਪ੍ਰਤਾਪ ਨੇ ਆਪਣੇ ਬੀਮਾਰ ਪਿਤਾ ਅਤੇ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਰਿਹਾਈ ਦੀ ਮੰਗ ਕਰਦੇ ਹੋਏ ਇਕ ਮੁਹਿੰਮ ਸ਼ੁਰੂ ਕੀਤੀ ਹੈ। ਤੇਜ ਪ੍ਰਤਾਪ ਯਾਦਵ ਸੈਂਕੜੇ ਸਮਰਥਕਾਂ ਨਾਲ ਪਟਨਾ ਦੇ ਵੱਡੇ ਡਾਕ ਘਰ ਪਹੁੰਚੇ। ਉਨ੍ਹਾਂ ਕੋਲ ਵੱਡੀ ਗਿਣਤੀ ਵਿਚ ਪੋਸਟਕਾਰਡ ਸਨ ਜਿਹੜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਂ ਸਨ। ਇਨ੍ਹਾਂ ਸਾਰੇ ਪੋਸਟਕਾਰਡਾਂ ਵਿਚ ਜੇਲ ਵਿਚ ਬੰਦ ਰਾਜਦ ਮੁਖੀ ਲਾਲੂ ਯਾਦਵ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਪੋਸਟਕਾਰਡ ਭੇਜਣ ਤੋਂ ਬਾਅਦ ਤੇਜ ਪ੍ਰਤਾਪ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਲੋਕਾਂ ਦੀ ਆਵਾਜ਼ ਸੁਣਨਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।