ਲਖੀਮਪੁਰ ਹਿੰਸਾ ਦਾ ਦੋਸ਼ੀ ਆਸ਼ੀਸ਼ ਮਿਸ਼ਰਾ 4 ਮਹੀਨਿਆਂ ਬਾਅਦ ਜੇਲ੍ਹ ਤੋਂ ਹੋਇਆ ਰਿਹਾਅ

Tuesday, Feb 15, 2022 - 05:27 PM (IST)

ਲਖੀਮਪੁਰ- ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਦੋਸ਼ੀ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਕਰੀਬ 4 ਮਹੀਨੇ ਬਾਅਦ ਮੰਗਲਵਾਰ ਨੂੰ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਹਾਈ ਕੋਰਟ ਨੇ 5 ਦਿਨ ਪਹਿਲਾਂ ਉਨ੍ਹਾਂ ਦੀ ਜ਼ਮਾਨਤ ਦਾ ਆਦੇਸ਼ ਦਿੱਤਾ ਸੀ। ਆਸ਼ੀਸ਼ ਦੇ ਵਕੀਲ ਅਵਧੇਸ਼ ਕੁਮਰ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਤਿੰਨ-ਤਿੰਨ ਲੱਖ ਰੁਪਏ ਦੀਆਂ 2 ਜ਼ਮਾਨਤਾਂ ਦੀ ਮੰਗ ਕੀਤੀ ਸੀ ਪਰ ਸ਼ਹਿਰ ਤੋਂ ਬਾਹਰ ਜਾਣ 'ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਹੇਠਲੀਆਂ ਅਦਾਲਤਾਂ ਵਲੋਂ ਅਪੀਲ ਖਾਰਜ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੂੰ ਪਿਛਲੇ ਹਫ਼ਤੇ ਇਲਾਹਾਬਾਦ ਹਾਈ ਕੋਰਟ ਵਲੋਂ ਜ਼ਮਾਨਤ ਦਿੱਤੀ ਗਈ ਸੀ। ਆਸ਼ੀਸ਼ ਦੀ ਜ਼ਮਾਨਤ ਦਾ ਆਦੇਸ਼ ਦਿੰਦੇ ਹੋਏ ਹਾਈ ਕੋਰਟ ਨੇ ਪੁਲਸ ਦੀ ਜਾਂਚ 'ਤੇ ਗੰਭੀਰ ਸਵਾਲ ਚੁਕੇ ਸਨ। ਕੋਰਟ ਨੇ ਕਾਤਲ ਦੇ ਹਾਦਸੇ ਵਾਲੀ ਜਗ੍ਹਾ ਮੌਜੂਦ ਹੋਣ ਦੀ ਪੁਲਸ ਦੀ ਕਹਾਣੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾਏ ਸਨ।

ਦੱਸਣਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਹੈ। ਆਸ਼ੀਸ਼ ਲਖੀਮਪੁਰ ਜੇਲ੍ਹ 'ਚ ਬੰਦ ਹਨ। ਆਸ਼ੀਸ਼ 'ਤੇ ਲਖੀਮਪੁਰ ਜ਼ਿਲ੍ਹੇ ਦੇ ਤਿਕੋਨੀਆ ਪਿੰਡ 'ਚ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਕਿਸਾਨਾਂ ਨੂੰ ਜੀਪ ਨਾਲ ਕੁਚਲ ਕੇ ਮਾਰਨ ਦਾ ਦੋਸ਼ ਹੈ। ਆਸ਼ੀਸ਼ ਨੂੰ ਘਟਨਾ ਦੇ 6 ਦਿਨਾਂ ਬਾਅਦ ਯਾਨੀ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਲਖੀਮਪੁਰ ਕਾਂਡ ਦੀ ਜਾਂਚ ਐੱਸ.ਆਈ.ਟੀ. ਦੇ ਹਵਾਲੇ ਹੈ। ਜਾਂਚ 'ਚ ਪਾਇਆ ਗਿਆ ਸੀ ਕਿ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੀ ਪੂਰੀ ਘਟਨਾ ਇਕ ਸੋਚੀ ਸਮਝੀ ਸਾਜਿਸ਼ ਸੀ। ਐੱਸ.ਆਈ.ਟੀ. ਨੇ 5000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ, ਜਿਸ 'ਚ ਆਸ਼ੀਸ਼ ਨੂੰ ਕਤਲ ਦਾ ਦੋਸ਼ੀ ਦੱਸਿਆ ਗਿਆ।


DIsha

Content Editor

Related News