ਕਾਂਗਰਸ ਦੇ ਵਫ਼ਦ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

Wednesday, Oct 13, 2021 - 12:33 PM (IST)

ਕਾਂਗਰਸ ਦੇ ਵਫ਼ਦ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਪਾਰਟੀ ਦੇ ਵਫ਼ਦ ਨੇ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਕਾਂਗਰਸ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਕੀਤੀ। ਕਾਂਗਰਸ ਦੇ ਇਸ ਵਫ਼ਦ ’ਚ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਅਤੇ ਪਾਰਟੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵੀ ਸ਼ਾਮਲ ਸਨ। ਹਾਲ ਹੀ ’ਚ ਕਾਂਗਰਸ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਸੀ। ਕਾਂਗਰਸ ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੀ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ

PunjabKesari

ਰਾਸ਼ਟਰਪਤੀ ਨੇ ਦਿੱਤਾ ਭਰੋਸਾ—
ਮੁਲਾਕਾਤ ਮਗਰੋਂ ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਅੱਜ ਇਸ ਮਾਮਲੇ ’ਤੇ ਸਰਕਾਰ ਨਾਲ ਚਰਚਾ ਕਰਨਗੇ। ਪਿ੍ਰਯੰਕਾ ਨੇ ਇਸ ਦੇ ਨਾਲ ਹੀ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖ਼ਾਸਤਗੀ ਦੀ ਮੰਗ ਕਾਂਗਰਸ ਦੀ ਮੰਗ ਨਹੀਂ ਹੈ, ਇਹ ਜਨਤਾ ਦੀ ਮੰਗ ਹੈ ਅਤੇ ਪੀੜਤ ਕਿਸਾਨ ਪਰਿਵਾਰਾਂ ਦੀ ਮੰਗ ਹੈ। ਓਧਰ ਰਾਹੁਲ ਗਾਂਧੀ ਨੇ ਇਸ ਬਾਬਤ ਕਿਹਾ ਕਿ ਲਖੀਮਪੁਰ ਖੀਰੀ ਵਿਚ ਪੀੜਤ ਪਰਿਵਾਰਾਂ ਦੀ ਮੰਗ ਹੈ ਕਿ ਜਿਸ ਨੇ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ, ਉਸ ਨੂੰ ਸਜ਼ਾ ਮਿਲੇ। ਜਿਸ ਵਿਅਕਤੀ ਨੇ ਕਤਲ ਕੀਤਾ, ਉਸ ਦੇ ਪਿਤਾ ਦੇਸ਼ ਦੇ ਗ੍ਰਹਿ ਰਾਜ ਮੰਤਰੀ ਹਨ। ਜਦੋਂ ਤੱਕ ਉਹ ਆਪਣੇ ਅਹੁਦੇ ’ਤੇ ਹਨ, ਉਦੋਂ ਤਕ ਨਿਆਂ ਨਹੀਂ ਮਿਲੇਗਾ। ਇਹ ਗੱਲ ਅਸੀਂ ਰਾਸ਼ਟਰਪਤੀ ਨੂੰ ਦੱਸੀ ਹੈ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

PunjabKesari

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਬੀਤੀ 3 ਅਕਤੂਬਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਵਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਜੱਦੀ ਪਿੰਡ ਦੇ ਦੌਰੇ ਦੇ ਵਿਰੋਧ ਨੂੰ ਲੈ ਕੇ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਆਸ਼ੀਸ਼ ਨੂੰ ਸ਼ਨੀਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਉਸ ਤੋਂ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਪੁੱਛ-ਗਿੱਛ ਕਰ ਰਹੀ ਹੈ। ਆਸ਼ੀਸ਼ 12 ਤੋਂ 15 ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਹੈ।

ਇਹ ਵੀ ਪੜ੍ਹੋ :  ਸੰਯੁਕਤ ਕਿਸਾਨ ਮੋਰਚਾ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਰੱਖੀ ਇਹ ਵੱਡੀ ਮੰਗ

ਕਾਂਗਰਸ ਦੇ ਵਫ਼ਦ ਨਾਲ ਰਾਸ਼ਟਰਪਤੀ ਦੀ ਮੁਲਾਕਾਤ ਮਗਰੋਂ ਕੀ ਇਸ ਮੁੱਦੇ ਦਾ ਨਿਕਲੇਗਾ ਹੱਲ? ਕੁਮੈਂਟ ਬਾਕਸ ’ਚ ਦਿਓ ਰਾਏ


author

Tanu

Content Editor

Related News