ਲਖੀਮਪੁਰ ਹਿੰਸਾ ਮਾਮਲੇ ’ਚ ਦੋ ਪ੍ਰਦਰਸ਼ਨਕਾਰੀ ਗਿ੍ਰਫ਼ਤਾਰ, ਚਢੂਨੀ ਨੇ UP ਸਰਕਾਰ ਨੂੰ ਦਿੱਤੀ ਚਿਤਾਵਨੀ

Wednesday, Oct 27, 2021 - 06:18 PM (IST)

ਲਖੀਮਪੁਰ ਹਿੰਸਾ ਮਾਮਲੇ ’ਚ ਦੋ ਪ੍ਰਦਰਸ਼ਨਕਾਰੀ ਗਿ੍ਰਫ਼ਤਾਰ, ਚਢੂਨੀ ਨੇ UP ਸਰਕਾਰ ਨੂੰ ਦਿੱਤੀ ਚਿਤਾਵਨੀ

ਲਖਨਊ (ਬਿਊਰੋ)— ਲਖੀਮਪੁਰ ਖੀਰੀ ਕਾਂਡ ਦੀ ਤਫ਼ਤੀਸ਼ ਕਰ ਰਹੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਵਾਰਦਾਤ ’ਚ ਦੋ ਭਾਜਪਾ ਵਰਕਰਾਂ ਸਮੇਤ 4 ਲੋਕਾਂ ਦੀ ਕੁੱਟ-ਕੁੱਟ ਕੇ ਕਤਲ ਮਾਮਲੇ ’ਚ ਮੰਗਲਵਾਰ ਨੂੰ ਦੋ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਕ ਬਿਆਨ ਮੁਤਾਬਕ ਲਖੀਮਪੁਰ ਖੀਰੀ ਕਾਂਡ ਮਾਮਲੇ ਵਿਚ 4 ਅਕਤੂਬਰ ਨੂੰ ਸੁਮਿਤ ਜਾਇਸਵਾਲ ਨਾਮੀ ਇਕ ਸ਼ਖਸ ਵਲੋਂ ਅਣਪਛਾਤੇ ਲੋਕਾਂ ਖ਼ਿਲਾਫ਼ ਦਰਜ ਕਰਵਾਏ ਮਾਮਲੇ ’ਚ ਗੁਰਵਿੰਦਰ ਸਿੰਘ ਅਤੇ ਵਿਚਿੱਤਰ ਸਿੰਘ ਨਾਮੀ ਵਿਅਕਤੀਆਂ ਨੂੰ ਐੱਸ. ਆਈ. ਟੀ. ਨੇ ਗਿ੍ਰਫ਼ਤਾਰ ਕੀਤਾ ਹੈ। ਗੁਰਵਿੰਦਰ ਲਖੀਮਪੁਰ ਖੀਰੀ ਦੇ ਗੋਲਾ ਇਲਾਕੇ ਦੇ ਮੋਕਾਰਮਪੁਰ ਅਲੀਗੰਜ ਦਾ ਰਹਿਣ ਵਾਲਾ ਹੈ, ਜਦਕਿ ਵਿਚਿੱਤਰ ਸਿੰਘ ਇਸੇ ਜ਼ਿਲ੍ਹੇ ਦੇ ਭੀਰਾ ਇਲਾਕੇ ਦਾ ਵਾਸੀ ਹੈ। ਓਧਰ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਕਿਸਾਨਾਂ ਦੀਆਂ ਗਿ੍ਰਫ਼ਤਾਰੀਆਂ ਬੰਦ ਕਰੇ। ਉਨ੍ਹਾਂ ਕਿਹਾ ਕਿ ਬਹੁਤ ਮਾੜੀ ਗੱਲ ਹੈ ਕਿ ਪੁਲਸ ਦੋਸ਼ੀ ਮੰਤਰੀ ਨੂੰ ਗਿ੍ਰਫ਼ਤਾਰ ਕਰਨ ਦੀ ਬਜਾਏ ਕਿਸਾਨਾਂ ਨੂੰ ਗਿ੍ਰਫ਼ਤਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ ’ਤੇ ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ਹਜ਼ਾਰਾਂ ਦੀ ਭੀੜ ’ਚ ਸਿਰਫ਼ 23 ਚਸ਼ਮਦੀਦ ਹੀ ਮਿਲੇ?

 

3 ਅਕਤੂਬਰ ਨੂੰ ਵਾਪਰੀ ਲਖੀਮਪੁਰ ਖੀਰੀ ਘਟਨਾ—
3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਇਕ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਅਤੇ 15-20 ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਹੋਇਆ ਸੀ। ਉੱਥੇ ਹੀ ਦੂਜਾ ਮੁਕੱਦਮਾ ਅਣਪਛਾਤੇ ਲੋਕਾਂ ਖ਼ਿਲਾਫ਼ ਦੋ ਭਾਜਪਾ ਵਰਕਰਾਂ ਸਮੇਤ 4 ਲੋਕਾਂ ਦੀ ਕੁੱਟ-ਕੁੱਟ ਕੇ ਕਤਲ ਦੇ ਦੋਸ਼ ’ਚ ਦਰਜ ਕੀਤਾ ਗਿਆ ਸੀ। ਸੁਮਿਤ ਜਾਇਸਵਾਲ ਨਾਮੀ ਵਿਅਕਤੀ ਨੇ ਦੂਜੇ ਮੁਕੱਦਮੇ ’ਚ ਦੋਸ਼ ਲਾਇਆ ਸੀ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਾਲੇ ਮੌਜੂਦ ਸ਼ਰਾਰਤੀ ਅਨਸਰਾਂ ਨੇ ਲਾਠੀਆਂ ਅਤੇ ਇੱਟਾਂ-ਪੱਥਰਾਂ ਨਾਲ ਵਾਹਨ ’ਤੇ ਹਮਲਾ ਕੀਤਾ, ਜਿਸ ਦੀ ਵਜ੍ਹਾ ਤੋਂ ਡਰਾਈਵਰ ਹਰੀਓਮ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਪੱਤਰਕਾਰ ਰਮਨ ਕਸ਼ਯਪ, ਕਾਰ ਡਰਾਈਵਰ ਹਰੀਓਮ ਅਤੇ ਭਾਜਪਾ ਵਰਕਰਾਂ ਸ਼ੁਭਮ ਮਿਸ਼ਰਾ ਅਤੇ ਸ਼ਿਆਮ ਸੁੰਦਰ ਨੂੰ ਪ੍ਰਦਰਸ਼ਨਕਾਰੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। 

ਇਹ ਵੀ ਪੜ੍ਹੋ : ਪੈਗਾਸਸ ਜਾਸੂਸੀ ਮਾਮਲਾ: SC ਨੇ ਜਾਂਚ ਲਈ ਬਣਾਈ ਮਾਹਰ ਕਮੇਟੀ, ਜਾਣੋ ਕੀ ਹੈ ਇਹ ਸਾਫ਼ਟਵੇਅਰ

ਕੀ ਹੈ ਪੂਰਾ ਮਾਮਲਾ—
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਵਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਜੱਦੀ ਪਿੰਡ ਵਿਚ ਆਯੋਜਿਤ ਇਕ ਪ੍ਰੋਗਰਾਮ ’ਚ ਸ਼ਿਰਕਤ ਲਈ ਜਾਣ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਦੇ ਇਸ਼ਾਰੇ ’ਤੇ ਗੱਡੀ ਚੜਾਉਣ ਤੋਂ ਬਾਅਦ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਹੁਣ ਤੱਕ ਆਸ਼ੀਸ਼ ਸਮੇਤ 13 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ‘ਕੋਵਿਸ਼ੀਲਡ’ ਅਤੇ ‘ਕੋਵੈਕਸੀਨ’ ’ਤੇ ਰੋਕ ਨਹੀਂ, SC ਨੇ ਪਟੀਸ਼ਨਕਰਤਾ ਨੂੰ ਠੋਕਿਆ 50 ਹਜ਼ਾਰ ਰੁਪਏ ਜੁਰਮਾਨਾ


author

Tanu

Content Editor

Related News