ਲਖੀਮਪੁਰ ਖੀਰੀ ਹਿੰਸਾ ’ਤੇ ਵਿਰੋਧੀ ਧਿਰ ਦਾ ਠੰਡਾ ਪਿਆ 'ਦਾਅ', 24 ਘੰਟਿਆਂ ਅੰਦਰ ਬਦਲ ਗਏ ਸਿਆਸੀ ਹਾਲਾਤ
Tuesday, Oct 05, 2021 - 11:32 AM (IST)
ਲਖੀਮਪੁਰ ਖੀਰੀ (ਏਜੰਸੀਆਂ)– ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਨੂੰ ਲੈ ਕੇ ਸਿਆਸੀ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਜਿਸ ਤਰ੍ਹਾਂ ਨਾਲ ਐਤਵਾਰ ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ ਹਿੰਸਾ ਭੜਕੀ ਸੀ, ਉਸ ਦੇ ਸੰਭਲਣ ਦੀ ਗੁੰਜਾਇਸ਼ ਘੱਟ ਹੀ ਸੀ। ਹਿੰਸਾ ਵਾਲੀ ਰਾਤ ਪ੍ਰਿਯੰਕਾ ਗਾਂਧੀ ਅਤੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨੇ ਜੋ ਸਿਆਸੀ ਰੌਲਾ ਪਾਇਆ, ਉਸ ਨਾਲ ਯੋਗੀ ਸਰਕਾਰ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੂਲ ਗਏ ਸੀ ਪਰ ਜਿਸ ਤਰ੍ਹਾਂ ਨਾਲ ਯੋਗੀ ਸਰਕਾਰ ਵੱਲੋਂ 24 ਘੰਟਿਆਂ ਦੇ ਅੰਦਰ ਪੂਰੇ ਘਟਨਾਕ੍ਰਮ ਨਾਲ ਨਜਿੱਠਿਆ ਗਿਆ, ਉਸ ਨਾਲ ਵਿਰੋਧੀ ਧਿਰ ਦਾ ਦਾਅ ਹੁਣ ਫਿਰ ਤੋਂ ਠੰਡਾ ਪੈਂਦਾ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਹੁਣ ਤੱਕ 8 ਲੋਕਾਂ ਨੇ ਗੁਆਈ ਜਾਨ, ਕਿਸਾਨਾਂ ’ਚ ਰੋਹ
ਇਸ ਪੂਰੇ ਘਟਨਾਕ੍ਰਮ ਨੂੰ ਵੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਅਲਰਟ ’ਤੇ ਸੀ। ਤਿਕੁਨੀਆ ਇਲਾਕੇ ’ਚ ਭਾਰੀ ਪੁਲਸ ਫੋਰਸ ਨੇ ਐਤਵਾਰ ਸ਼ਾਮ ਨੂੰ ਹੀ ਮੋਰਚਾ ਸੰਭਾਲ ਲਿਆ ਸੀ। ਅੱਜ ਵਿਰੋਧੀ ਧਿਰ ਅਤੇ ਕਿਸਾਨ ਆਗੂਆਂ ਵੱਲੋਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਦੀ ਯੋਜਨਾ ਸੀ ਪਰ ਸਭ ਧਰਿਆ-ਧਰਾਇਆ ਰਹਿ ਗਿਆ। ਦੱਸ ਦੇਈਏ ਕਿ ਐਤਵਾਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਮਿਸ਼ਰਾ ਦੇ ਜੱਦੀ ਪਿੰਡ ਜਾਣ ਦੇ ਵਿਰੋਧ ਦੌਰਾਨ ਹਿੰਸਕ ਟਕਰਾਅ ਹੋਇਆ। ਇਸ ਹਿੰਸਕ ਘਟਨਾ ’ਚ 4 ਕਿਸਾਨਾਂ ਸਮੇਤ ਹੁਣ ਤੱਕ 8 ਲੋਕਾਂ ਦੀ ਜਾਨ ਚੱਲੀ ਗਈ। ਦੋਸ਼ ਹੈ ਕਿ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਨੇ ਕਿਸਾਨਾਂ ’ਤੇ ਕਾਰ ਚੜ੍ਹਾ ਦਿੱਤੀ, ਜਿਸ ’ਚ 4 ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਅਤੇ ਭਾਜਪਾ ਵਰਕਰਾਂ ਵਿਚਾਲੇ ਹਿੰਸਕ ਝੜਪ ਹੋਈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ’ਤੇ ਅਸੀਂ ਰੋਕ ਲਗਾਈ ਹੋਈ ਹੈ, ਫਿਰ ਵਿਰੋਧ ਕਿਸ ਗੱਲ ਦਾ ਕੀਤਾ ਜਾ ਰਿਹੈ: ਸੁਪਰੀਮ ਕੋਰਟ
ਯੋਗੀ ਸਰਕਾਰ ਦੇ ਕਦਮ ਦਾ ਅੰਦਾਜ਼ਾ ਵਿਰੋਧੀ ਧਿਰ ਨੂੰ ਨਹੀਂ ਸੀ-
ਹਾਲ ਦੇ ਘਟਨਾਕ੍ਰਮ ’ਤੇ ਨਜ਼ਰ ਮਾਰੀਏ ਤਾਂ ਗੋਰਖਪੁਰ ਹੱਤਿਆ ਕਾਂਡ, ਮਹੰਤ ਨਰੇਂਦਰ ਗਿਰੀ ਕੇਸ, ਕਾਨਪੁਰ ’ਚ 48 ਘੰਟਿਆਂ ਦੇ ਅੰਦਰ 6 ਕਤਲ ਦੇ ਮਾਮਲੇ ’ਚ ਯੋਗੀ ਸਰਕਾਰ ਘਿਰੀ ਸੀ। ਵਿਰੋਧੀ ਧਿਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਰਕਾਰ ’ਤੇ ਹਮਲਾਵਰ ਸੀ। ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ’ਚ ਕੁਝ ਦਿਨ ਭਾਵੇਂ ਹੀ ਲੱਗ ਗਏ ਹੋਣ ਪਰ ਜੋ ਹਾਲਾਤ ਲਖੀਮਪੁਰ ਖੀਰੀ ’ਚ ਸਨ, ਉਸ ਤਰ੍ਹਾਂ ਦੇ ਉਥੇ ਨਹੀਂ ਸਨ, ਇਸ ਲਈ ਸ਼ਾਇਦ ਲਖੀਮਪੁਰ ਹਿੰਸਾ ’ਤੇ ਯੋਗੀ ਸਰਕਾਰ ਦੇ ਕਦਮ ਦਾ ਅੰਦਾਜ਼ਾ ਵਿਰੋਧੀ ਧਿਰ ਨੂੰ ਵੀ ਨਹੀਂ ਸੀ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ
ਅਜੇ ਮਿਸ਼ਰਾ ਦੇ ਵਿਵਾਦਿਤ ਬਿਆਨ ਤੋਂ ਨਾਰਾਜ਼ ਸਨ ਕਿਸਾਨ—
ਦਰਅਸਲ ਅਜੇ ਮਿਸ਼ਰਾ ਟੇਨੀ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਨੂੰ ਲੈ ਕੇ ਧਮਕੀ ਭਰਿਆ ਵਿਵਾਦਿਤ ਬਿਆਨ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓ ਵਿਚ ਮੰਤਰੀ ਅਜੇ ਮਿਸ਼ਰਾ ਕਹਿੰਦੇ ਹਨ ਕਿ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਜੇਕਰ ਮੈਂ ਪਹੁੰਚ ਗਿਆ ਤਾਂ ਭੱਜਣ ਦਾ ਰਾਹ ਨਹੀਂ ਮਿਲੇਗਾ। ਲੋਕ ਜਾਣਦੇ ਹਨ ਕਿ ਮੈਂ ਵਿਧਾਇਕ, ਸੰਸਦ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ, ਜਿਸ ਚੁਣੌਤੀ ਨੂੰ ਸਵੀਕਾਰ ਕਰ ਲੈਂਦਾ ਹਾਂ, ਉਸ ਨੂੰ ਪੂਰਾ ਕਰ ਕੇ ਹੀ ਸਾਹ ਲੈਂਦਾ ਹਾਂ। ਸੁਧਰ ਜਾਓ, ਨਹੀਂ ਤਾਂ 2 ਮਿੰਟ ਦਾ ਸਮਾਂ ਲੱਗੇਗਾ, ਲਖੀਮਪੁਰ ਖੀਰੀ ਤੋਂ ਭੱਜਣ ਦਾ ਮੌਕਾ ਨਹੀਂ ਮਿਲੇਗਾ। ਅਜੇ ਮਿਸ਼ਰਾ ਦੇ ਇਸ ਬਿਆਨ ਤੋਂ ਬਾਅਦ ਹੀ ਕਿਸਾਨ ਨਾਰਾਜ਼ ਸਨ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚਾ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਰੱਖੀ ਇਹ ਵੱਡੀ ਮੰਗ
ਹਾਲ ਦੇ ਦਿਨਾਂ ’ਚ ਹੋਈਆਂ ਵੱਡੀਆਂ ਘਟਨਾਵਾਂ ਦੀ ਸਥਿਤੀ-
ਉੱਤਰ ਪ੍ਰਦੇਸ਼ ਸਰਕਾਰ ਕਾਨਪੁਰ ਦੇ ਵਪਾਰੀ ਮਨੀਸ਼ ਗੁਪਤਾ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਕਰਾਉਣ ਦੀ ਸਿਫਾਰਿਸ਼ ਕਰ ਚੁੱਕੀ ਹੈ ਪਰ ਸੀ. ਬੀ. ਆਈ. ਦੇ ਕੇਸ ਹੱਥ ’ਚ ਲੈਣ ਤੋਂ ਪਹਿਲਾਂ ਐੱਸ. ਆਈ. ਟੀ. ਤਫਤੀਸ਼ ਕਰਦੀ ਰਹੇਗੀ। ਇਸ ਮਾਮਲੇ ’ਚ ਯੂ. ਪੀ. ਪੁਲਸ ਦੀ ਖੂਬ ਬੇਇੱਜ਼ਤੀ ਹੋਈ ਸੀ। ਵਿਰੋਧੀ ਧਿਰ ਦੇ ਨੇਤਾ ਪੁਲਸ ਦੀ ਭੂਮਿਕਾ ’ਤੇ ਸਰਕਾਰ ਨੂੰ ਘੇਰ ਰਹੇ ਸਨ। ਪ੍ਰਯਾਗਰਾਜ ’ਚ ਮਹੰਤ ਨਰੇਂਦਰ ਗਿਰੀ ਦੀ ਖ਼ੁਦਕੁਸ਼ੀ ਦਾ ਮਾਮਲਾ ਹੁਣ ਸੀ. ਬੀ. ਆਈ. ਦੇ ਕੋਲ ਹੈ। ਮਹੰਤ ਨਰੇਂਦਰ ਗਿਰੀ ਮੌਤ ਕਾਂਡ ਦੀ ਜਾਂਚ ’ਚ ਲੱਗੀ ਸੀ. ਬੀ. ਆਈ. ਨੇ ਹੁਣ ਉਨ੍ਹਾਂ ਦੇ ਇਕ ਹੋਰ ਮੱਠ ਨਾਲ ਜੁੜੇ ਲੈਣ-ਦੇਣ ਦੇ ਮਾਮਲਿਆਂ ’ਤੇ ਨਜ਼ਰ ਟਿਕਾ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਖੂਬ ਸਿਆਸਤ ਚਮਕਾਈ ਸੀ ਪਰ ਹੁਣ ਸਭ ਕੁਝ ਸੀ. ਬੀ. ਆਈ. ਦੇ ਹੱਥ ’ਚ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ, ਕਿਹਾ- CBI ਤੋਂ ਕਰਵਾਈ ਜਾਵੇ ਜਾਂਚ