ਲੱਦਾਖ ਹਾਦਸਾ: ਜ਼ਖਮੀ 19 ਜਵਾਨਾਂ ਨੂੰ ਚੰਡੀਗੜ੍ਹ ਕੀਤਾ ਗਿਆ ਏਅਰਲਿਫਟ, ਹਸਪਤਾਲ ’ਚ ਇਲਾਜ ਜਾਰੀ
Saturday, May 28, 2022 - 04:07 PM (IST)
ਪੰਚਕੂਲਾ (ਉਮੰਗ)– ਲੱਦਾਖ ’ਚ ਸ਼ੁੱਕਰਵਾਰ ਨੂੰ ਵਾਪਰੇ ਭਿਆਨਕ ਹਾਦਸੇ ’ਚ ਜ਼ਖਮੀ ਹੋਏ ਫ਼ੌਜ ਦੇ 19 ਜਵਾਨਾਂ ਨੂੰ ਹਵਾਈ ਫ਼ੌਜ ਦੇ ਹੈਲੀਕਾਪਟਰ ਜ਼ਰੀਏ ਏਅਰਲਿਫ਼ਟ ਕਰ ਕੇ ਚੰਡੀਮੰਦਰ ਕਮਾਂਡ ਹਸਪਤਾਲ ਲਿਜਾਇਆ ਗਿਆ ਹੈ। ਇੱਥੇ ਫ਼ੌਜ ਦੇ ਡਾਕਟਰਾ ਅਤੇ ਨਰਸਾਂ ਵਲੋਂ ਜ਼ਖਮੀ ਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਕੁਝ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਲੱਦਾਖ 'ਚ ਵਾਪਰਿਆ ਵੱਡਾ ਹਾਦਸਾ, 7 ਜਵਾਨ ਸ਼ਹੀਦ
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਲੱਦਾਖ ’ਚ 26 ਜਵਾਨਾਂ ਨਾਲ ਭਰਿਆ ਵਾਹਨ ਅਚਾਨਕ ਸ਼ਓਕ ਨਦੀ ’ਚ ਪਲਟ ਗਿਆ ਸੀ। ਇਸ ’ਚ 7 ਫ਼ੌਜੀਆਂ ਦੀ ਸ਼ਹਾਦਤ ਦੀ ਪੁਸ਼ਟੀ ਹੋਈ ਹੈ ਅਤੇ ਕਈ ਜਵਾਨ ਜ਼ਖਮੀ ਹੋਏ ਹਨ। ਹਾਦਸੇ ਤੋਂ ਤੁਰੰਤ ਬਾਅਦ ਹੀ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ। ਚੰਡੀਗੜ੍ਹ ਤੋਂ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਮਦਦ ਨਾਲ ਜਵਾਨਾਂ ਨੂੰ ਬਾਹਰ ਕੱਢਿਆ ਗਿਆ।
ਹਾਲਤ ਗੰਭੀਰ ਹੋਣ ਕਾਰਨ 19 ਜਵਾਨਾਂ ਨੂੰ ਏਅਰਲਿਫਟ ਕਰ ਕੇ ਚੰਡੀਗੜ੍ਹ ਸਥਿਤ ਚੰਡੀਮੰਦਰ ਕਮਾਂਡ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੇ ਆਉਣ ਤੋਂ ਪਹਿਲਾਂ ਫ਼ੌਜ ਦੇ ਡਾਕਟਰ ਅਤੇ ਪੂਰਾ ਸਟਾਫ਼ ਤਿਆਰ ਕਰ ਦਿੱਤੇ ਗਏ ਸਨ। ਜਵਾਨਾਂ ਦਾ ਇਲਾਜ ਜਾਰੀ ਹੈ। ਦੇਰ ਰਾਤ ਤੱਕ ਫ਼ੌਜ ਦੇ ਅਧਿਕਾਰੀ ਹਸਪਤਾਲ ’ਚ ਮੌਜੂਦ ਰਹੇ ਅਤੇ ਪਲ-ਪਲ ਦੀ ਅਪਡੇਟ ਲੈਂਦੇ ਰਹੇ। ਪੱਛਮੀ ਕਮਾਂਡ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਕਮਾਂਡ ਹਸਪਤਾਲ ’ਚ ਲਿਆਂਦਾ ਗਿਆ ਹੈ, ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।