ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਕਾਰਨ ਗਰਭ ’ਚ ਆਕਸੀਜਨ ਦੀ ਘਾਟ ਨਾਲ ਜਾ ਸਕਦੀ ਹੈ ਬੱਚੇ ਦੀ ਜਾਨ

Monday, Feb 28, 2022 - 12:24 PM (IST)

ਵਿਗਿਆਨੀਆਂ ਦਾ ਦਾਅਵਾ- ਕੋਰੋਨਾ ਕਾਰਨ ਗਰਭ ’ਚ ਆਕਸੀਜਨ ਦੀ ਘਾਟ ਨਾਲ ਜਾ ਸਕਦੀ ਹੈ ਬੱਚੇ ਦੀ ਜਾਨ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਕੋਰੋਨਾ ਵਾਇਰਸ ਨੂੰ ਲੈ ਕੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਵਾਇਰਸ ਗਰਭ ਵਿਚ ਹੀ ਬੱਚਿਆਂ ਨੂੰ ਮਾਰ ਸਕਦਾ ਹੈ। ਇਹ ਘਟਨਾ ਉਨ੍ਹਾਂ ਗਰਭਵਤੀ ਔਰਤਾਂ ਨਾਲ ਹੋ ਸਕਦੀ ਹੈ, ਜਿਨ੍ਹਾਂ ਨੇ ਵੈਕਸੀਨ ਨਾ ਲਗਵਾਈ ਹੋਵੇ। ਹਾਲ ਹੀ ਵਿਚ ਆਰਕਾਈਵਜ਼ ਆਫ਼ ਪੈਥੋਲੋਜੀ ਐਂਡ ਲੈਬਾਰਟਰੀ ਮੈਡੀਸਨ ’ਚ ਪ੍ਰਕਾਸ਼ਿਤ ਇਕ ਖੋਜ ਵਿਚ ਇਸ ਦੀ ਵਜ੍ਹਾ ਦੱਸੀ ਗਈ ਹੈ। ਯੂ. ਐੱਸ. ਏ. ਟੂਡੇ ਅਨੁਸਾਰ 44 ਮੈਂਬਰੀ ਗਲੋਬਲ ਟੀਮ ਨੇ 12 ਦੇਸ਼ਾਂ ਦੇ 64 ਗਰਭ ’ਚ ਮਰੇ ਬੱਚਿਆਂ ਦਾ ਅਧਿਐਨ ਕੀਤਾ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਨੇ 4 ਨਵਜੰਮੇ ਬੱਚਿਆਂ ਦੀ ਮੌਤ ਦਾ ਵੀ ਅਧਿਐਨ ਕੀਤਾ। ਇਹ ਸਾਰੇ ਮਾਮਲੇ ਟੀਕਾਕਰਨ ਤੋਂ ਰਹਿਤ ਗਰਭਵਤੀ ਔਰਤਾਂ ’ਚ ਕੋਰੋਨਾ ਇਨਫੈਕਸ਼ਨ ਨਾਲ ਸਬੰਧਤ ਸਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਡੈਲਟਾ ਵੇਰੀਐਂਟ ਨਾਲ ਸਬੰਧਤ ਸਨ। ਖੋਜ ’ਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਪਲਸੈਂਟਾ (ਗਰਭ ਨਾੜੀ) ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਬੱਚੇ ਨੂੰ ਗਰਭ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਉਸ ਦੀ ਮੌਤ ਵੀ ਹੋ ਸਕਦੀ ਹੈ।

ਪਲਸੈਂਟਾ ਨਾਲ ਜੁੜੀ ਹੈ ਕੰਪਲੀਕੇਸ਼ਨ
ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਇਰਸ ਖੂਨ ਰਾਹੀਂ ਪਲਸੈਂਟਾ ਤੱਕ ਪਹੁੰਚਦਾ ਹੈ ਅਤੇ ਇਸ ਨੂੰ ਅਸਫਲ ਕਰ ਦਿੰਦਾ ਹੈ। ਇਸ ਪ੍ਰਕਿਰਿਆ ਦਾ ਨਾਂ ਵਿਰੇਮੀਆ ਹੈ। ਖੋਜ ’ਚ ਕੁਲ 68 ਮਾਮਲਿਆਂ ’ਚ, ਔਸਤਨ 77 ਫੀਸਦੀ ਪਲਸੈਂਟਾ ਨਸ਼ਟ ਹੋ ਗਈ ਸੀ ਅਤੇ ਬੱਚੇ ਨੂੰ ਇਸ ਤੋਂ ਕੋਈ ਸਹਾਇਤਾ ਨਹੀਂ ਮਿਲੀ। ਇਹ ਵਾਇਰਸ ਪਲਸੈਂਟਾ ਦੇ ਟਿਸ਼ੂਆਂ ਨੂੰ ਮਾਰ ਦਿੰਦਾ ਹੈ, ਜਿਸ ਨਾਲ ਔਰਤ ਦੇ ਸਰੀਰ ਨੂੰ ਅਜਿਹਾ ਨੁਕਸਾਨ ਹੁੰਦਾ ਹੈ ਜੋ ਕਦੇ ਵੀ ਠੀਕ ਨਹੀਂ ਹੋ ਸਕਦਾ। ਖੋਜ ’ਚ 97 ਫੀਸਦੀ ਮਾਮਲਿਆਂ ’ਚ ਪਲਸੈਂਟਾ ਨਾਲ ਜੁੜੀ ਇਕ ਹੋਰ ਪੇਚੀਦਗੀ ਦੇਖੀ ਗਈ ਹੈ। ਪਲਸੈਂਟਾ ’ਚ ਕ੍ਰੋਨਿਕ ਹਿਸਟਿਓਸਾਈਟਿਕ ਇੰਟਰਵਿਲਾਇਟਿਸ ਨਾਂ ਦੇ ਦੁਰਲਭ ਇਨਫਲੇਮੇਟਰੀ ਸੈੱਲ ਜਮ੍ਹਾ ਹੋ ਰਹੇ ਸਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹਾ ਵੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਹੋ ਰਿਹਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹੇ ਕਈ ਵਾਇਰਸ ਅਤੇ ਬੈਕਟੀਰੀਅਲ ਇਨਫੈਕਸ਼ਨ ਹੁੰਦੇ ਹਨ, ਜਿਸ ਨਾਲ ਗਰਭ ਅਵਸਥਾ ਦੌਰਾਨ ਪਲਸੈਂਟਾ ਨੂੰ ਨੁਕਸਾਨ ਪਹੁੰਚਦਾ ਹੈ ਪਰ ਕੋਰੋਨਾ ਵਾਇਰਸ ਨਾਲ ਇਸ ਦੇ ਪੂਰੀ ਤਰ੍ਹਾਂ ਨਸ਼ਟ ਹੋਣ ਦੀ ਸੰਭਾਵਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News