ਸ਼ੈਲਜਾ ਬਣੀ ਹਰਿਆਣਾ ਕਾਂਗਰਸ ਦੀ ਪ੍ਰਧਾਨ, ਹੁੱਡਾ ਹੋਣਗੇ ਵਿਧਾਇਕ ਦਲ ਦੇ ਨੇਤਾ

09/04/2019 4:53:12 PM

ਨਵੀਂ ਦਿੱਲੀ/ਹਰਿਆਣਾ— ਕਾਂਗਰਸ ਨੇ ਬੁੱਧਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਹਰਿਆਣਾ ਇਕਾਈ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ। ਸੋਨੀਆ ਗਾਂਧੀ ਦੀ ਕਰੀਬੀ ਮੰਨੀ ਜਾਣ ਵਾਲੀ ਸ਼ੈਲਜਾ ਨੇ ਅਸ਼ੋਕ ਤੰਵਰ ਦਾ ਸਥਾਨ ਲਿਆ ਹੈ। ਦੂਜੇ ਪਾਸੇ ਹੁੱਡਾ ਨੇ ਕਿਰਨ ਚੌਧਰੀ ਦਾ ਸਥਾਨ ਲਿਆ ਹੈ। ਹੁੱਡਾ ਨੂੰ ਚੋਣ ਪ੍ਰਬੰਧਨ ਕਮੇਟੀ ਦਾ ਪ੍ਰਧਾਨ ਵੀ ਬਣਾਇਆ ਗਿਆ ਹੈ। ਹਰਿਆਣਾ ਦੇ ਕਾਂਗਰਸ ਇੰਚਾਰਜ ਗੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੈਲਜਾ ਨੂੰ ਪ੍ਰਦੇਸ਼ ਪ੍ਰਧਾਨ ਅਤੇ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ।

ਆਪਸੀ ਕਲੇਸ਼ ਦੂਰ ਕਰਨ ਦੀ ਕੋਸ਼ਿਸ਼ ਹੈ ਇਹ ਫੈਸਲਾ
ਕਾਂਗਰਸ ਹਾਈ ਕਮਾਂਡ ਦੇ ਇਸ ਫੈਸਲੇ ਨੂੰ ਹੁੱਡਾ ਦੀ ਨਾਰਾਜ਼ਗੀ ਅਤੇ ਰਾਜ ਦੇ ਪਾਰਟੀ ਨੇਤਾਵਾਂ ਦੇ ਆਪਸੀ ਕਲੇਸ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਦਰਅਸਲ ਨਾਰਾਜ਼ਗੀ ਦੀਆਂ ਖਬਰਾਂ ਦਰਮਿਆਨ, ਹੁੱਡਾ ਨੇ ਮੰਗਲਵਾਰ ਨੂੰ ਆਪਣੇ ਸਮਰਥਕ ਨੇਤਾਵਾਂ ਨਾਲ ਬੈਠਕ ਕੀਤੀ ਸੀ, ਜਿਸ 'ਚ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ 'ਚ ਅੱਗੇ ਦਾ ਫੈਸਲਾ ਲੈਣ ਲਈ ਅਧਿਕਾਰਤ ਕੀਤਾ ਸੀ। ਹਰਿਆਣਾ ਕਾਂਗਰਸ 'ਚ ਅੰਦਰੂਨੀ ਕਲੇਸ਼ ਖਾਸ ਕਰ ਕੇ ਹੁੱਡਾ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਦਰਮਿਆਨ ਟਕਰਾਅ ਦੀਆਂ ਖਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਹਨ।

29 ਅਗਸਤ ਹੁੱਡਾ ਨੇ ਸੋਨੀਆ ਨਾਲ ਕੀਤੀ ਸੀ ਮੁਲਾਕਾਤ
ਹਾਲ ਹੀ 'ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਹੁੱਡਾ ਪਾਰਟੀ ਦੀ ਅਗਵਾਈ ਤੋਂ ਨਾਰਾਜ਼ ਹੈ ਅਤੇ ਵੱਖ ਹੋਣ ਦਾ ਰਸਤਾ ਵੀ ਚੁਣ ਸਕਦੇ ਹਨ। ਨਾਰਾਜ਼ਗੀ ਦੀਆਂ ਅਟਕਲਾਂ ਦਰਮਿਆਨ ਹੀ 29 ਅਗਸਤ ਨੂੰ ਹੁੱਡਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਤੋਂ ਬਾਅਦ ਅਜਿਹੀਆਂ ਖਬਰਾਂ ਆਈਆਂ ਸਨ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਬਦਲਿਆ ਜਾ ਸਕਦਾ ਹੈ ਅਤੇ ਟਿਕਟ ਵੰਡ 'ਚ ਹੁੱਡਾ ਦੀ ਭੂਮਿਕਾ ਯਕੀਨੀ ਕੀਤੀ ਜਾ ਸਕਦੀ ਹੈ।


DIsha

Content Editor

Related News