ਲਾਭ ਦਾ ਅਹੁਦਾ: ਇਸ਼ਾਰਿਆਂ ''ਚ ਵਿਸ਼ਵਾਸ ਦਾ ਕੇਜਰੀਵਾਲ ''ਤੇ ਤੰਜ਼

01/20/2018 2:36:56 PM

ਨਵੀਂ ਦਿੱਲੀ— 20 ਵਿਧਾਇਕਾਂ ਨੂੰ ਚੋਣ ਕਮਿਸ਼ਨ ਵੱਲੋਂ ਅਯੋਗ ਐਲਾਨ ਕਰਨ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਨਾਲ-ਨਾਲ ਕੁਮਾਰ ਵਿਸ਼ਵਾਸ ਨੇ ਵੀ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ ਰਾਜ ਸਭਾ ਟਿਕਟ ਵੰਡ ਦੇ ਸਮੇਂ ਤੋਂ ਨਾਰਾਜ਼ ਚੱਲ ਰਹੇ ਨੇਤਾ ਕੁਮਾਰ ਵਿਸ਼ਵਾਸ ਨੇ ਚੋਣ ਕਮਿਸ਼ਨ ਦੀ ਕਾਰਵਾਈ ਨੂੰ ਬਦਕਿਸਮਤੀ ਦੱਸਿਆ ਹੈ ਪਰ ਇਸ਼ਾਰਿਆਂ 'ਚ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵੀ ਸਾਧਿਆ ਹੈ। ਵਿਸ਼ਵਾਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿਯੁਕਤੀ ਨੂੰ ਲੈ ਕੇ ਸੁਝਾਅ ਦਿੱਤੇ ਸਨ ਪਰ ਉਨ੍ਹਾਂ ਦੀ ਨਹੀਂ ਸੁਣੀ ਗਈ। ਵਿਸ਼ਵਾਸ ਨੇ ਕਿਹਾ,''20 'ਆਪ' ਵਿਧਾਇਕਾਂ 'ਤੇ ਕੀਤੀ ਗਈ ਕਾਰਵਾਈ ਬਦਕਿਸਮਤੀ ਹੈ। ਮੈਂ ਪਹਿਲਾਂ ਕੁਝ ਸੁਝਾਅ ਦਿੱਤੇ ਸਨ ਪਰ ਮੈਨੂੰ ਦੱਸਿਆ ਗਿਆ ਸੀ ਕਿ ਕਿਸੇ ਦੀ ਨਿਯੁਕਤੀ ਮੁੱਖ ਮੰਤਰੀ ਦਾ ਪਹਿਲਾ ਅਧਿਕਾਰ ਹੈ, ਇਸ ਲਈ ਮੈਂ ਚੁੱਪ ਰਿਹਾ।''
ਵਿਸ਼ਵਾਸ ਨੇ ਰਾਜ ਸਭਾ ਨਾ ਭੇਜਣ ਨੂੰ ਲੈ ਕੇ ਪਾਰਟੀ ਅਤੇ ਕੇਜਰੀਵਾਲ 'ਤੇ ਖੁੱਲ੍ਹ ਕੇ ਹਮਲਾ ਬੋਲਿਆ ਸੀ। ਇਕ ਟੀ.ਵੀ. ਚੈਨਲ ਦੇ ਪ੍ਰੋਗਰਾਮ 'ਚ ਜਦੋਂ ਵਿਸ਼ਵਾਸ ਤੋਂ ਪੁੱਛਿਆ ਗਿਆ ਕਿ 'ਆਪ' ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਲਈ ਕਿਉਂ ਨਹੀਂ ਚੁਣਿਆ ਤਾਂ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ 'ਚ ਜਵਾਬ ਦਿੰਦੇ ਹੋਏ ਕਿਹਾ,''ਮੇਰੇ ਲਹਿਜੇ 'ਚ ਜੀ ਹੁਜੂਰ ਨਾ ਥਾ, ਇਸ ਸੇ ਜ਼ਿਆਦਾ ਮੇਰਾ ਕਸੂਰ ਨਾ ਥਾ।'' ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਨੇ ਆਪਣੇ ਮੰਤਰੀਆਂ ਲਈ ਵਿਧਾਇਕਾਂ ਨੂੰ ਹੀ ਸੰਸਦੀ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਸੀ। 'ਲਾਭ ਦੇ ਅਹੁਦੇ' ਦਾ ਹਵਾਲਾ ਦੇ ਕੇ ਇਸ ਮਾਮਲੇ 'ਚ ਮੈਂਬਰਾਂ ਦੀ ਮੈਂਬਰਤਾ ਭੰਗ ਕਰਨ ਦੀ ਪਟੀਸ਼ਨ ਪਾਈ ਗਈ ਸੀ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਤੋਂ 20 ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੇ ਦਿੱਲੀ ਦੀ ਰਾਜਨੀਤੀ 'ਚ ਭੂਚਾਲ ਲਿਆ ਦਿੱਤਾ ਹੈ।


Related News