Krishna Janmashtami: ਜਾਣੋ ਕਿਉਂ ਅਤੇ ਕਿਵੇਂ ਮਨਾਈ ਜਾਂਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ, ਕੀ ਹੈ ਇਸ ਦਾ ਮਹੱਤਵ
Monday, Aug 26, 2024 - 10:27 AM (IST)
ਜਲੰਧਰ (ਬਿਊਰੋ)- ਧਰਤੀ 'ਤੇ ਜਦੋਂ ਵੀ ਪਾਪ ਅਤੇ ਅਧਰਮ ਵਧਦੇ ਹਨ, ਤਾਂ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਲਈ ਪਰਮਾਤਮਾ ਨੂੰ ਖੁਦ ਧਰਤੀ 'ਤੇ ਅਵਤਾਰ ਧਾਰਣ ਕਰਨਾ ਪੈਦਾ ਹੈ। ਅਜਿਹਾ ਅਵਤਾਰ ਭਗਵਾਨ ਵਿਸ਼ਨੂੰ ਨੇ ਧਰਤੀ 'ਤੇ ਲਿਆ ਸੀ। ਸ਼੍ਰੀ ਕ੍ਰਿਸ਼ਨ ਜੀ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸਨ। ਸ਼੍ਰੀ ਕ੍ਰਿਸ਼ਨ ਭਗਵਾਨ ਵਿਸ਼ਨੂੰ ਦੇ 8ਵੇਂ ਅਵਤਾਰ ਸਨ। ਉਨ੍ਹਾਂ ਨੇ ਮਥੁਰਾ ਦੀ ਰਾਜਕੁਮਾਰੀ ਦੇਵਕੀ ਅਤੇ ਵਾਸੁਦੇਵ ਦੇ ਅੱਠਵੇਂ ਬੱਚੇ ਦੇ ਰੂਪ ਵਿੱਚ ਧਰਤੀ ਦੇ ਤਲ 'ਤੇ ਅਵਤਾਰ ਲਿਆ ਸੀ। ਸ਼੍ਰੀ ਕ੍ਰਿਸ਼ਨ ਜੀ ਨੇ ਜਨਮ ਤੋਂ ਹੀ ਬਹੁਤ ਸਾਰੇ ਚਮਤਕਾਰ ਕੀਤੇ ਸਨ। ਉਸ ਦੇ ਜਨਮ ਨਾਲ ਸਬੰਧਤ ਕਈ ਅਜਿਹੀਆਂ ਕਹਾਣੀਆਂ ਹਨ, ਜੋ ਮਨੁੱਖ ਨੂੰ ਸਿੱਖਿਆ ਦਿੰਦੀਆਂ ਹਨ। ਜਨਮ ਅਸ਼ਟਮੀ ਨੂੰ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਜਨਮ ਅਸ਼ਟਮੀ 26 ਅਗਸਤ ਨੂੰ ਮਨਾਈ ਜਾਵੇਗੀ।
ਜਨਮ ਅਸ਼ਟਮੀ ਦਾ ਇਤਿਹਾਸ
ਭਾਰਤ ਵਿੱਚ ਹਰੇਕ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਵੀ ਉਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਹੈ। ਹਿੰਦੂ ਧਰਮ ਅਨੁਸਾਰ ਕੰਸ ਦੇ ਅੱਤਿਆਚਾਰਾਂ ਨੂੰ ਸਹਿਣ ਕਰਦੇ ਹੋਏ ਉਸਦੀ ਭੈਣ ਦੇਵਕੀ ਨੇ ਭਾਦਰਪਦ ਦੇ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਕ੍ਰਿਸ਼ਨ ਨੂੰ ਅੱਠਵੇਂ ਬੱਚੇ ਵਜੋਂ ਜਨਮ ਦਿੱਤਾ ਸੀ। ਕੰਸ ਦੇ ਅੱਤਿਆਚਾਰਾਂ ਤੋਂ ਧਰਤੀ ਨੂੰ ਬਚਾਉਣ ਲਈ ਭਗਵਾਨ ਵਿਸ਼ਨੂੰ ਨੇ ਖੁਦ ਧਰਤੀ 'ਤੇ ਅਵਤਾਰ ਧਾਰਿਆ ਸੀ। ਇਨ੍ਹਾਂ ਮਾਨਤਾਵਾਂ ਅਨੁਸਾਰ ਹਰ ਸਾਲ ਭਾਦਰਪਦ ਦੀ ਅਸ਼ਟਮੀ ਤਰੀਖ਼ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ।
ਜਨਮ ਅਸ਼ਟਮੀ ਦਾ ਮਹੱਤਵ
ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ 3 ਦੇਵਤੇ (ਬ੍ਰਹਮਾ, ਵਿਸ਼ਨੂੰ, ਮਹੇਸ਼) ’ਚੋਂ ਭਗਵਾਨ ਵਿਸ਼ਨੂੰ ਦਾ ਅਵਤਾਰ ਹਨ। ਜਨਮ ਅਸ਼ਟਮੀ ’ਤੇ ਹਰ ਸਾਲ ਕਈ ਲੋਕ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੇ ਹਨ। ਵਰਤ ਰੱਖ ਕੇ ਲੋਕ ਅੱਧੀ ਰਾਤ ਨੂੰ ਪੂਰੀ ਵਿਧੀ ਨਾਲ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਮੱਖਣ, ਮਿਸ਼ਰੀ, ਦੁੱਧ-ਦਹੀਂ ਸਣੇ ਕਈ ਵੱਖ-ਵੱਖ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਕ੍ਰਿਸ਼ਨ ਜੀ ਦਾ ਭਜਨ ਕੀਰਤਨ ਕਰਦੇ ਹੋਏ ਧੂਮਧਾਮ ਨਾਲ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਮਨਾਉਂਦੇ ਹਨ। ਕ੍ਰਿਸ਼ਨ ਜਨਮ ਅਸ਼ਟਮੀ ਦੇ ਦਿਨ ਮੰਦਰਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ।