Janmashtami 2021: ਦੈਵੀ ਸ਼ਕਤੀਆਂ ਦੇ ਮਾਲਕ ਅਤੇ ਭਗਵਾਨ ਵਿਸ਼ਨੂੰ ਜੀ ਦੇ ਅੱਠਵੇਂ ਅਵਤਾਰ ਸ੍ਰੀ ਕ੍ਰਿਸ਼ਨ ਜੀ
Monday, Aug 30, 2021 - 08:32 AM (IST)
ਜਲੰਧਰ (ਬਿਊਰੋ) - ਅੱਜ ਦੁਨੀਆ ਭਰ 'ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਆਫ਼ਤ ਕਾਰਨ ਇਸ ਤਿਉਹਾਰ 'ਤੇ ਬਜ਼ਾਰਾਂ 'ਚ ਰੌਣਕਾਂ ਘੱਟ ਦੇਖਣ ਨੂੰ ਮਿਲ ਰਹੀਆਂ ਹਨ ਪਰ ਲੋਕ ਆਪਣੇ ਘਰਾਂ 'ਚ ਪੂਰੀ ਸ਼ਰਧਾ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾ ਰਹੇ ਹਨ। ਦੱਸ ਦਈਏ ਕਿ ਜਦੋਂ ਧਰਤੀ 'ਤੇ ਪਾਪ ਹੱਦ ਤੋਂ ਵੱਧ ਜਾਂਦੇ ਹਨ ਤਾਂ ਧਰਤੀ ਪਰਮ-ਪਿਤਾ ਨੂੰ ਇਨ੍ਹਾਂ ਪਾਪਾਂ ਦੇ ਬੋਝ ਤੋਂ ਮੁਕਤ ਹੋਣ ਲਈ ਪੁਕਾਰਦੀ ਹੈ। ਇਹ ਪੁਕਾਰ ਜਦੋਂ ਪਰਮਾਤਮਾ ਤਕ ਪਹੁੰਚਦੀ ਹੈ ਤਾਂ ਕੋਈ ਨਾ ਕੋਈ ਅਵਤਾਰ ਇਸ ਧਰਤੀ 'ਤੇ ਆਉਂਦਾ ਹੈ ਤੇ ਪਾਪੀਆਂ ਦਾ ਨਾਸ਼ ਕਰ ਕੇ ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਮਨੁੱਖਤਾ ਨੂੰ ਕੰਸ ਤੇ ਹੋਰ ਅੱਤਿਆਚਾਰੀਆਂ ਤੋਂ ਮੁਕਤੀ ਦਿਵਾਉਣ ਲਈ ਦੁਆਪਰ ਯੁੱਗ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਵਤਾਰ ਧਾਰਿਆ। ਭਗਵਾਨ ਵਿਸ਼ਨੂੰ ਜੀ ਦੇ ਅੱਠਵੇਂ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਨ੍ਹੱਈਆ, ਸ਼ਾਮ, ਗੋਪਾਲ, ਕੇਸ਼ਵ, ਦੁਆਰਕਾਧੀਸ਼ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਉਹ ਨਿਸ਼ਕਾਮ ਕਰਮਯੋਗੀ, ਆਦਰਸ਼ ਫਲਸਫ਼ੇ ਦੇ ਧਾਰਨੀ, ਅਸੀਮ ਦੈਵੀ ਸ਼ਕਤੀਆਂ ਦੇ ਮਾਲਕ ਤੇ ਸਰਬੋਤਮ ਪੁਰਖ ਮੰਨੇ ਜਾਂਦੇ ਹਨ।
ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪਿਤਾ ਦਾ ਨਾਂ ਵਾਸੂਦੇਵ ਤੇ ਮਾਤਾ ਜੀ ਦਾ ਨਾਂ ਦੇਵਕੀ ਸੀ। ਉਹ ਆਪਣੇ ਮਾਤਾ-ਪਿਤਾ ਦੀ ਅੱਠਵੀਂ ਸੰਤਾਨ ਸਨ। ਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਉਨ੍ਹਾਂ ਦੇ ਮਾਮੇ ਕੰਸ ਨੇ ਆਪਣੇ ਪਿਤਾ ਉਗਰਸੈਨ ਪਾਸੋਂ ਰਾਜ-ਭਾਗ ਖੋਹ ਕੇ ਉਸ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਸੀ। ਜਦੋ ਕੰਸ ਸਿੰਘਾਸਨ 'ਤੇ ਬੈਠਾ ਤਾਂ ਆਕਾਸ਼ਵਾਣੀ ਹੋਈ ਕਿ ਉਸ ਦੀ ਭੈਣ ਦੇਵਕੀ ਦੀ ਅੱਠਵੀਂ ਸੰਤਾਨ ਉਸ ਦੀ ਮੌਤ ਦਾ ਸਬੱਬ ਬਣੇਗੀ। ਰਾਜਾ ਕੰਸ ਨੇ ਆਪਣੀ ਭੈਣ ਤੇ ਭਣਵੱਈਏ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਅਤੇ ਇੱਕ-ਇੱਕ ਕਰਕੇ ਉਸ ਦੇ 6 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੇਵਕੀ ਅਤੇ ਵਾਸੂਦੇਵ ਦਾ ਸੱਤਵਾਂ ਬੱਚਾ ਕੰਸ ਦੀ ਕਰੋਪੀ ਤੋਂ ਬਚ ਗਿਆ ਕਿਉਂਕਿ ਯੋਗਮਾਇਆ (ਰੱਬੀ ਸ਼ਕਤੀ) ਨੇ ਬੱਚੇ ਨੂੰ ਦੇਵਕੀ ਦੇ ਗਰਭ 'ਚੋਂ ਕੱਢ ਕੇ ਰੋਹਿਣੀ ਦੇ ਗਰਭ 'ਚ ਸਥਾਪਿਤ ਕਰ ਦਿੱਤਾ। ਸਮਾਂ ਪਾ ਕੇ ਰੋਹਿਣੀ ਦੀ ਕੁੱਖੋਂ ਸੱਤਵੇਂ ਬੱਚੇ ਨੇ ਜਨਮ ਲਿਆ, ਜਿਹੜਾ ਬਲਰਾਮ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਿਆ ਜਾਂਦਾ ਹੈ।
ਜਦੋਂ ਦੇਵਕੀ ਦੀ ਅੱਠਵੀਂ ਸੰਤਾਨ (ਭਗਵਾਨ ਸ਼੍ਰੀ ਕ੍ਰਿਸ਼ਨ) ਨੇ ਜਨਮ ਲੈਣਾ ਸੀ ਤਾਂ ਕੰਸ ਨੇ ਜੇਲ੍ਹ ਦੇ ਬਾਹਰ ਸਖ਼ਤ ਪਹਿਰਾ ਲਗਵਾ ਦਿੱਤਾ।
ਜਦੋਂ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਅੱਧੀ ਰਾਤ ਨੂੰ ਹਨ੍ਹੇਰੀ ਕੋਠੜੀ 'ਚ ਇਲਾਹੀ ਰੋਸ਼ਨੀ ਹੋਈ। ਭਗਵਾਨ ਦੀ ਆਗਿਆ ਨਾਲ ਵਾਸੂਦੇਵ ਸ਼੍ਰੀ ਕ੍ਰਿਸ਼ਨ ਜੀ ਨੂੰ ਗੋਕੁਲ ਵਿਖੇ ਛੱਡਣ ਜਾ ਰਹੇ ਸਨ ਤਾਂ ਉਨ੍ਹਾਂ ਦੀਆਂ ਬੇੜੀਆਂ, ਹੱਥਕੜੀਆਂ ਤੇ ਜੇਲ੍ਹ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ। ਜਮਨਾ ਨਦੀ ਦਾ ਜਲ ਭਗਵਾਨ ਕ੍ਰਿਸ਼ਨ ਜੀ ਦੀ ਚਰਨਛੋਹ ਪਾ ਕੇ ਹੇਠਾਂ ਹੋ ਗਿਆ। ਜਦੋਂ ਵਾਸੂਦੇਵ ਜੀ ਗੋਕੁਲ ਪਹੁੰਚੇ ਤਾਂ ਉੱਥੇ ਯਸ਼ੋਧਾ ਮਈਆ ਦੀ ਕੁੱਖੋਂ ਇਕ ਲੜਕੀ ਨੇ ਜਨਮ ਲਿਆ ਸੀ ਪਰ ਉਹ ਇਸ ਗੱਲ ਤੋਂ ਅਨਜਾਣ ਸੀ। ਵਾਸੂਦੇਵ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਉਸ ਲੜਕੀ ਦੀ ਥਾਂ ਰੱਖ ਦਿੱਤਾ ਅਤੇ ਉਸ ਲੜਕੀ ਨੂੰ ਲੈ ਕੇ ਜੇਲ੍ਹ 'ਚ ਵਾਪਸ ਆ ਗਏ। ਕੰਸ ਨੂੰ ਜਦੋਂ ਪਤਾ ਲੱਗਾ ਕਿ ਦੇਵਕੀ ਨੇ ਇਕ ਕੰਨਿਆ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਉਸ ਕੰਨਿਆ ਨੂੰ ਪੱਥਰ 'ਤੇ ਪਟਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥਾਂ 'ਚੋਂ ਨਿਕਲ ਕੇ ਆਕਾਸ਼ 'ਚ ਉੱਡ ਗਈ ਤੇ ਜਾਂਦੀ ਹੋਈ ਕਹਿ ਗਈ ਕਿ ਉਸ (ਕੰਸ) ਨੂੰ ਮਾਰਨ ਵਾਲਾ ਜਨਮ ਲੈ ਚੁੱਕਾ ਹੈ। ਇਹ ਸੁਣ ਕੇ ਕੰਸ ਬਹੁਤ ਦੁਖੀ ਹੋਇਆ। ਦੁਸ਼ਟ ਕੰਸ ਨੇ ਬਹੁਤ ਸਾਰੇ ਦੈਂਤਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਾਰਨ ਲਈ ਭੇਜਿਆ ਪਰ ਉਹ ਸਫ਼ਲ ਨਾ ਹੋਇਆ।
ਭਗਵਾਨ ਕ੍ਰਿਸ਼ਨ ਜੀ ਦੀ ਛਠੀ ਮੌਕੇ ਪੂਤਨਾ ਨਾਂ ਦੀ ਰਾਕਸ਼ਣ ਗੋਕੁਲ ਪਹੁੰਚ ਗਈ ਅਤੇ ਉਸ ਨੇ ਆਪਣੀਆਂ ਛਾਤੀਆਂ ਨੂੰ ਜ਼ਹਿਰ ਲਗਾ ਕੇ ਸ਼੍ਰੀ ਕ੍ਰਿਸ਼ਨ ਨੂੰ ਮਾਰਨਾ ਚਾਹਿਆ ਪਰ ਭਗਵਾਨ ਨੇ ਉਸ ਦੇ ਪ੍ਰਾਣ ਖਿੱਚ ਲਏ ਤੇ ਉਹ ਥਾਏਂ ਹੀ ਮਰ ਗਈ। ਭਗਵਾਨ ਕ੍ਰਿਸ਼ਨ ਜਦੋਂ ਤਿੰਨ ਸਾਲ ਦੇ ਹੋਏ ਤਾਂ ਉਨ੍ਹਾਂ ਨੇ ਨੰਦ ਬਾਬਾ ਕੋਲੋਂ ਗਊਆਂ ਚਰਾਉਣ ਦੀ ਆਗਿਆ ਮੰਗੀ ਤੇ ਗਊਆਂ ਲੈ ਕੇ ਜੰਗਲ 'ਚ ਚਲੇ ਗਏ। ਕੰਸ ਨੇ ਦੈਂਤ ਵਤਸਾਸੁਰ ਨੂੰ ਕ੍ਰਿਸ਼ਨ ਜੀ ਨੂੰ ਮਾਰਨ ਲਈ ਭੇਜਿਆ। ਉਹ ਦੈਂਤ ਵੱਛੇ ਦਾ ਰੂਪ ਧਾਰ ਕੇ ਕ੍ਰਿਸ਼ਨ ਜੀ ਨੂੰ ਮਾਰਨ ਲੱਗਾ ਤਾਂ ਕ੍ਰਿਸ਼ਨ ਜੀ ਨੇ ਉਸ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਕੰਸ ਨੇ ਬਕਾਸੁਰ, ਤ੍ਰਿਨਾਵਰਤ, ਵਿਓਮਾਸੁਰ, ਧੇਨੁਕਾਸੁਰ ਆਦਿ ਰਾਕਸ਼ਸਾਂ ਨੂੰ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਭੇਜਿਆ ਪਰ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇ ਤੇ ਸਾਰੇ ਅਣਆਈ ਮੌਤ ਮਾਰੇ ਗਏ।
ਭਗਵਾਨ ਕ੍ਰਿਸ਼ਨ ਅੰਤਰਜਾਮੀ ਤੇ ਦਿਆਲੂ ਸਨ। ਇੱਕ ਦਿਨ ਇੱਕ ਫਲ ਵੇਚਣ ਵਾਲੀ ਨੰਦ ਬਾਬਾ ਦੇ ਘਰ ਆਈ। ਕ੍ਰਿਸ਼ਨ ਜੀ ਦਾਣਿਆਂ ਦਾ ਬੁੱਕ ਭਰ ਕੇ ਉਸ ਕੋਲ ਗਏ।ਤਾਂ ਨਿੱਕੇ ਹੱਥਾਂ ਦੀਆਂ ਉਂਗਲਾਂ ਵਿਚੋਂ ਕੁਝ ਦਾਣੇ ਹੇਠਾਂ ਡਿੱਗ ਪਏ। ਦਾਣੇ ਡਿੱਗਣ ਦੇ ਬਾਵਜੂਦ ਉਸ ਬੀਬੀ ਨੇ ਬਹੁਤ ਸਾਰੇ ਫਲ ਉਨ੍ਹਾਂ ਨੂੰ ਖਾਣ ਲਈ ਦਿੱਤੇ। ਫਲ ਵੇਚਣ ਵਾਲੀ ਜਦੋਂ ਆਪਣੇ ਘਰ ਗਈ ਤਾਂ ਉਹ ਆਪਣੀ ਟੋਕਰੀ ਵੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਸ ਵਿਚ ਰਤਨ ਭਰੇ ਹੋਏ ਸਨ। ਭਗਵਾਨ ਕ੍ਰਿਸ਼ਨ ਜਦੋਂ ਬੰਸਰੀ ਵਜਾਉਂਦੇ ਤਾਂ ਪੰਛੀਆਂ ਦੀ ਉਡਾਣ ਥੰਮ ਜਾਂਦੀ ਸੀ, ਪਸ਼ੂ ਘਾਹ ਚਰਨਾ ਛੱਡ ਦਿੰਦੇ, ਪੱਥਰ ਪਿਘਲ ਜਾਂਦੇ ਸਨ ਤੇ ਜਮਨਾ ਦਾ ਪਾਣੀ ਰੁਕ ਜਾਂਦਾ ਸੀ। ਭਗਵਾਨ ਕ੍ਰਿਸ਼ਨ ਨੇ ਸਦਾ ਚੰਗਿਆਈ ਦਾ ਸਾਥ ਦਿੱਤਾ ਤੇ ਬੁਰਾਈ ਨੂੰ ਰੱਦ ਕੀਤਾ। ਜਦੋਂ ਦੁਰਯੋਧਨ ਨੇ ਪਾਡਵ ਪਤਨੀ ਦਰੋਪਦੀ ਚੀਰਹਰਨ ਕਰਨਾ ਚਾਹਿਆ ਤਾਂ ਦਰੋਪਦੀ ਨੇ ਭਗਵਾਨ ਕ੍ਰਿਸ਼ਨ ਦਾ ਧਿਆਨ ਧਰ ਕੇ ਅਰਜੋਈ ਕੀਤੀ। ਭਗਵਾਨ ਨੇ ਉਸ ਦੀ ਪੈਜ ਰੱਖੀ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜਨ ਦੇ ਰੱਥ ਦਾ ਸਾਰਥੀ ਬਣ ਕੇ ਉਸ ਨੂੰ ਮਹਾਭਾਰਤ ਦੇ ਯੁੱਧ ਲਈ ਤਿਆਰ ਕੀਤਾ ਤੇ ਧਰਮ ਦੀ ਰਾਖੀ ਕੀਤੀ।
ਇੱਕ ਦਿਨ ਭਗਵਾਨ ਕ੍ਰਿਸ਼ਨ ਪਿੱਪਲ ਦੀ ਛਾਵੇਂ ਬੈਠੇ ਸਨ ਕਿ ਉੱਥੇ ਜਰਾ ਨਾਂ ਦਾ ਸ਼ਿਕਾਰੀ ਆ ਗਿਆ। ਜਰੇ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਪੈਰ ਹਿਰਨ ਦੇ ਮੂੰਹ ਵਰਗਾ ਲੱਗਿਆ ਤੇ ਉਸ ਨੇ ਤੀਰ ਚਲਾ ਦਿੱਤਾ। ਤੀਰ ਲਗਦੇ ਹੀ ਭਗਵਾਨ ਜੀ ਪ੍ਰਲੋਕ ਸਿਧਾਰ ਗਏ। ਸ਼ਿਕਾਰੀ ਤੋਂ ਬਦਲਾ ਲੈਣ ਦੀ ਬਜਾਏ ਉਨ੍ਹਾਂ ਨੇ ਉਸ ਉੱਪਰ ਦਇਆ ਕੀਤੀ ਤੇ ਸਰੀਰ ਸਮੇਤ ਉਸ ਨੂੰ ਵੀ ਆਪਣੇ ਨਾਲ ਹੀ ਲੈ ਗਏ।