ਸਿਰਫਿਰੇ ਸਖ਼ਸ਼ ਨੇ ਚੱਲਦੀ ਰੇਲ 'ਚ ਲਾਈ ਅੱਗ, ਭਾਜੜ 'ਚ 2 ਸਾਲਾ ਬੱਚੀ ਸਣੇ 3 ਦੀ ਮੌਤ
Monday, Apr 03, 2023 - 12:09 PM (IST)
ਕੋਝੀਕੋਡ- ਕੇਰਲ ਦੇ ਕੋਝੀਕੋਡ 'ਚ ਇਕ ਸਿਰਫਿਰੇ ਨੇ ਚੱਲਦੀ ਰੇਲ ਵਿਚ ਯਾਤਰੀਆਂ 'ਤੇ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਾ ਦਿੱਤੀ। ਇਹ ਘਟਨਾ ਅਲਪੁੱਝਾ-ਕਨੂੰਰ ਐਗਜ਼ੀਕਿਊਟਿਵ ਐਕਸਪ੍ਰੈਸ ਰੇਲ (16307) ਦੇ ਡੀ-1 ਡੱਬੇ 'ਚ ਵਾਪਰੀ। ਅੱਗ ਤੋਂ ਬਚਣ ਦੀ ਕੋਸ਼ਿਸ਼ 'ਚ ਦੋ ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਔਰਤਾਂ ਸਮੇਤ 9 ਹੋਰ ਯਾਤਰੀ ਗੰਭੀਰ ਰੂਪ ਨਾਲ ਝੁਲਸ ਗਏ। ਮ੍ਰਿਤਕਾਂ ਦੀ ਪਛਾਣ ਮੱਛੀ ਵਪਾਰੀ ਨੌਫੀਕ (40) ਅਤੇ ਰਹਮਥ (45) ਦੇ ਰੂਪ ਵਿਚ ਹੋਈ ਹੈ। ਦੋਵੇਂ ਕੰਨੂਰ ਜ਼ਿਲ੍ਹੇ ਦੇ ਮੱਟਾਨੂਰ ਦੇ ਰਹਿਣ ਵਾਲੇ ਸਨ। ਇਕ ਲਾਸ਼ ਰਹਮਥ ਦੀ ਭੈਣ ਦੀ 2 ਸਾਲਾ ਦੀ ਸੀ।
ਇਹ ਵੀ ਪੜ੍ਹੋ- ਜਦੋਂ 11,000 ਫੁੱਟ ਦੀ ਉੱਚਾਈ 'ਤੇ ਉੱਡਦੇ ਜਹਾਜ਼ 'ਚ ਹੋ ਗਿਆ ਵੱਡਾ ਸੁਰਾਖ਼, ਫ਼ਲਾਈਟ ਤੋਂ ਹੇਠਾਂ ਡਿੱਗੇ 4 ਯਾਤਰੀ
ਟਰੇਨ 'ਚ ਦਾਖ਼ਲ ਹੋਣ ਮਗਰੋਂ ਪੈਟਰੋਲ ਛਿੜਕ ਕੇ ਸਿਰਫਿਰੇ ਹਮਲਾਵਰ ਨੇ ਲਾਈ ਅੱਗ
ਝੰਜੋੜ ਦੇਣ ਵਾਲੀ ਇਹ ਘਟਨਾ ਐਤਵਾਰ ਨੂੰ ਰਾਤ 9.30 ਵਜੇ ਵਾਪਰੀ, ਜਦੋਂ ਰੇਲ ਇਲਾਥੁਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਇਕ ਸ਼ਖ਼ਸ ਡੀ-2 ਕੋਚ ਤੋਂ ਡੀ-1 ਵਿਚ ਦਾਖ਼ਲ ਹੋ ਗਿਆ ਅਤੇ ਬੈਠੇ ਹੋਏ ਯਾਤਰੀਆਂ 'ਤੇ ਜਲਣਸ਼ੀਲ ਪਦਾਰਥ ਅਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਫਿਰ ਉਸ ਨੇ ਐਮਰਜੈਂਸੀ ਚੇਨ ਖਿੱਚ ਦਿੱਤੀ ਅਤੇ ਰੇਲ ਕੋਰਾਪੁਝਾ ਪੁਲ 'ਤੇ ਰੁਕ ਗਈ। ਤਿੰਨੋਂ ਯਾਤਰੀਆਂ ਨੇ ਰੇਲ ਦੇ ਡੱਬੇ ਵਿਚੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੀਆਂ ਲਾਸ਼ਾਂ ਤੜਕੇ ਮਿਲੀਆਂ। ਰੇਲਵੇ ਪੁਲਸ, ਸਿਟੀ ਪੁਲਸ ਅਤੇ ਫੋਰੈਂਸਿਕ ਮਾਹਰਾਂ ਨੇ ਰੇਲਵੇ ਟਰੈਕ ਤੋਂ ਬਰਾਮਦ ਬੈਗ ਤੋਂ ਸਬੂਤ ਇਕੱਠੇ ਕੀਤੇ।
ਇਹ ਵੀ ਪੜ੍ਹੋ- MBA ਪਾਸ ਕਾਰੋਬਾਰੀ ਬਣਿਆ ਕੁੜੀ, 3 ਕਿਲੋ ਗਹਿਣਿਆਂ ਨਾਲ ਕੀਤਾ ਸ਼ਿੰਗਾਰ, ਵੇਖਦੇ ਰਹਿ ਗਏ ਲੋਕ
ਹਮਲਾਵਰ ਦਾ ਬੈਗ ਬਰਾਮਦ, ਭਾਲ ਜਾਰੀ
ਦਰਅਸਲ ਪੁਲਸ ਨੇ ਰੇਲਵੇ ਟਰੈਕ ਤੋਂ ਸ਼ੱਕੀ ਹਮਲਾਵਰ ਦਾ ਇਕ ਬੈਗ ਵੀ ਬਰਾਮਦ ਕੀਤਾ। ਬੈਗ ਵਿਚ ਦੋ ਮੋਬਾਇਲ ਅਤੇ ਇਕ ਬੋਤਲ ਪੈਟਰੋਲ ਅਤੇ ਨੋਟਪੈਡ ਮਿਲੇ ਹਨ। ਦੋਸ਼ੀ ਨੂੰ ਫੜਨ ਦੀ ਜਾਂਚ ਜਾਰੀ ਹੈ। ਪੁਲਸ ਨੂੰ ਨੇੜੇ ਦੀ ਇਮਾਰਤ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਮਿਲੇ ਹਨ, ਜਿਸ ਵਿਚ ਹਮਲਾਵਰ ਮੋਟਰਬਾਈਕ ਫੜਦਾ ਹੋਇਆ ਦਿਸਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਉਕਤ ਸ਼ਖਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਰੇਲ ਦੀ ਬੋਗੀ ਵਿਚ ਅੱਗ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਅੱਗਜ਼ਨੀ ਦੌਰਾਨ ਟਰੇਨ ਵਿਚ ਸਵਾਰ ਗੰਭੀਰ ਰੂਪ ਨਾਲ ਝੁਲਸੇ 9 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਦਿੱਲੀ ਦੀ 'ਰਾਜਕੁਮਾਰੀ' ਨੇ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਆਪਣਾ 4 ਮੰਜ਼ਿਲਾ ਘਰ