''ਇਕ ਰਾਸ਼ਟਰ-ਇਕ ਚੋਣ'' ''ਤੇ ਕੋਵਿੰਦ ਪੈਨਲ ਨੇ ਰਾਸ਼ਟਰਪਤੀ ਦ੍ਰੌਪਦੀ ਨੂੰ ਸੌਂਪੀ 18,626 ਪੰਨਿਆਂ ਦੀ ਰਿਪੋਰਟ
Thursday, Mar 14, 2024 - 01:04 PM (IST)
ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਉੱਚ ਪੱਧਰੀ ਪੈਨਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਲੋਕ ਸਭਾ ਸਭਾ ਅਤੇ ਸੂਬਾ ਵਿਧਾਨ ਸਭਾਵਾਂ ਸਣੇ ਵੱਖ-ਵੱਖ ਬਾਡੀਜ਼ ਦੀਆਂ ਇਕੋ ਸਮੇਂ ਚੋਣਾਂ ਕਰਵਾਉਣ ਦੇ ਮੁੱਦੇ 'ਤੇ 'ਇਕ ਰਾਸ਼ਟਰ, ਇਕ ਚੋਣ' 'ਤੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਹ ਰਿਪੋਰਟ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੌਂਪ ਦਿੱਤੀ ਗਈ ਹੈ। ਰਾਮਨਾਥ ਕੋਵਿੰਦ ਦੀ ਅਗਵਾਈ ਵਾਲੇ ਪੈਨਲ ਨੇ ਰਾਸ਼ਟਰਪਤੀ ਭਵਨ ਵਿਚ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੈਨਲ ਨੇ ਇਕ ਰਾਸ਼ਟਰ-ਇਕ ਚੋਣ 'ਤੇ ਆਪਣੀ ਰਿਪੋਰਟ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੌਂਪੀ। ਰਿਪੋਰਟ 18,626 ਪੰਨਿਆਂ ਦੀ ਹੈ। ਇਹ ਪਿਛਲੇ 191 ਦਿਨਾਂ ਵਿਚ ਹਿੱਸੇਦਾਰਾਂ, ਮਾਹਰਾਂ ਅਤੇ ਖੋਜ ਕਾਰਜਾਂ ਨਾਲ ਵਿਆਪਕ ਸਲਾਹ-ਮਸ਼ਵਰੇ ਦਾ ਨਤੀਜਾ ਹੈ। ਪੈਨਲ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ ਕਰਵਾਈਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ 100 ਦਿਨ ਦੇ ਅੰਦਰ ਦੂਜੇ ਪੜਾਅ ਵਿਚ ਸਥਾਨਕ ਬਾਡੀਜ਼ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ- ਰਿਹਾਇਸ਼ੀ ਇਮਾਰਤ 'ਚ ਲੱਗੀ ਭਿਆਨਕ ਅੱਗ, ਮਚੇ ਭਾਂਬੜ 'ਚ 2 ਬੱਚੀਆਂ ਸਮੇਤ 4 ਲੋਕਾਂ ਦੀ ਮੌਤ
ਕਰੀਬ 6 ਮਹੀਨੇ ਪਹਿਲਾਂ ਸੌਂਪਿਆ ਗਿਆ ਸੀ ਕੰਮ
‘ਇਕ ਰਾਸ਼ਟਰ, ਇਕ ਚੋਣ’ ਵਾਲੀ ਕੋਵਿੰਦ ਪੈਨਲ ਦੇਸ਼ ਵਿਚ ਇਕੋ ਸਮੇਂ ਚੋਣਾਂ ਕਰਵਾਉਣ ਲਈ ਸੰਵਿਧਾਨ ਦੀਆਂ ਆਖਰੀ 5 ਧਾਰਾਵਾਂ ਵਿਚ ਸੋਧਾਂ ਦੀ ਸਿਫ਼ਾਰਸ਼ ਕਰ ਸਕਦੀ ਹੈ। ਪ੍ਰਸਤਾਵਿਤ ਰਿਪੋਰਟ ਵਿਚ ਲੋਕ ਸਭਾ, ਰਾਜ ਵਿਧਾਨ ਸਭਾ ਅਤੇ ਸਥਾਨਕ ਬਾਡੀਜ਼ ਚੋਣਾਂ ਕਰਵਾਉਣ ਲਈ ਇਕ ਹੀ ਵੋਟਰ ਸੂਚੀ 'ਤੇ ਵੀ ਧਿਆਨ ਦਿੱਤਾ ਜਾਵੇਗਾ। ਪਿਛਲੇ ਸਤੰਬਰ ਵਿਚ ਗਠਿਤ ਕੀਤੀ ਗਈ ਕਮੇਟੀ ਨੂੰ ਮੌਜੂਦਾ ਸੰਵਿਧਾਨਕ ਢਾਂਚੇ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਸਭਾ, ਵਿਧਾਨ ਸਭਾਵਾਂ, ਨਗਰਪਾਲਿਕਾਵਾਂ ਅਤੇ ਪੰਚਾਇਤਾਂ ਦੀਆਂ ਇਕੋ ਸਮੇਂ ਚੋਣਾਂ ਕਰਵਾਉਣ ਲਈ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਸਿਫਾਰਸ਼ਾਂ ਕਰਨ ਦਾ ਕੰਮ ਸੌਂਪਿਆ ਗਿਆ ਹੈ। ਦੱਸ ਦੇਈਏ ਕਿ ਵਿਰੋਧੀ ਗਠਜੋੜ ਨੇ ਇਸ ਫ਼ੈਸਲੇ ਨੂੰ ਦੇਸ਼ ਦੇ ਸੰਘੀ ਢਾਂਚੇ ਲਈ ਖ਼ਤਰਾ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਹਸਪਤਾਲ 'ਚ ਦਾਖ਼ਲ, ਹਾਲਤ ਸਥਿਰ
ਇਸ ਲਈ ਬੰਦ ਹੋਇਆ ਸੀ ਇਕੋ ਸਮੇਂ ਚੋਣਾਂ ਕਰਾਉਣਾ-
ਇਕ ਮੀਡੀਆ ਰਿਪੋਰਟ ਮੁਤਾਬਕ ਰਿਪੋਰਟ ਵਿਚ 1951-52 ਅਤੇ 1967 ਦਰਮਿਆਨ ਤਿੰਨ ਚੋਣਾਂ ਦੇ ਡਾਟਾ ਦਾ ਇਸਤੇਮਾਲ ਕੀਤਾ ਗਿਆ ਹੈ। ਇੱਥੇ ਇਹ ਤਰਕ ਦਿੱਤਾ ਗਿਆ ਹੈ ਪਹਿਲਾਂ ਵਾਂਗ ਹੁਣ ਵੀ ਇਕੋ ਸਮੇਂ ਚੋਣਾਂ ਕਰਨਾ ਅਜੇ ਵੀ ਸੰਭਵ ਹੈ। ਇਹ ਰਿਪੋਰਟ ਕੀਤੀ ਗਈ ਸੀ ਕਿ ਇਕੋ ਸਮੇਂ ਚੋਣਾਂ ਕਰਵਾਉਣਾ ਬੰਦ ਹੋ ਗਿਆ ਸੀ ਜਦੋਂ ਕੁਝ ਸੂਬਾ ਸਰਕਾਰਾਂ ਆਪਣੇ ਕਾਰਜਕਾਲ ਨੂੰ ਪੂਰਾ ਕਰਨ ਤੋਂ ਪਹਿਲਾਂ ਡਿੱਗ ਗਈਆਂ ਜਾਂ ਬਰਖਾਸਤ ਕਰ ਦਿੱਤੀਆਂ ਗਈਆਂ ਸਨ, ਜਿਸ ਨਾਲ ਨਵੀਆਂ ਚੋਣਾਂ ਕਰਵਾਉਣ ਦੀ ਲੋੜ ਪਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8