ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ
Friday, Sep 17, 2021 - 05:13 PM (IST)
ਸ਼ਿਮਲਾ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਥਿਆਰਬੰਦ ਫ਼ੋਰਸਾਂ ’ਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨ ਵਾਲੇ ਰਾਜ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਮੇਜਰ ਸੋਮਨਾਥ ਸ਼ਰਮਾ ਪਰਮਵੀਰ ਚੱਕਰ ਪਾਉਣ ਵਾਲੇ ਪਹਿਲੇ ਜਵਾਨ ਸਨ। ਰਾਸ਼ਟਰਪਤੀ ਨੇ ਇਹ ਗੱਲ ਹਿਮਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦਿੱਤੇ ਜਾਣ ਦੀ ਵਰ੍ਹੇਗੰਢ ਮੌਕੇ ਚਲਾਏ ਜਾ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਕਹੀ। ਵਰ੍ਹੇਗੰਢ ਸਮਾਰੋਹ 25 ਜਨਵਰੀ 2021 ਨੂੰ ਮਨਾਇਆ ਜਾਣਾ ਸੀ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਵਿਸ਼ੇਸ਼ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਰਾਜ ਦੇ ਪੂਰੇ ਸਾਲ ਵਰ੍ਹੇਗੰਢ ਦਾ ਜਸ਼ਨ ਮਨਾਇਆ ਜਾਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਹਾਲੇ ਕਰੀਬ 1.20 ਲੱਖ ਜਵਾਨ ਦੇਸ਼ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ,‘‘ਰੱਖਿਆ ਫ਼ੋਰਸ ਦਾ ਮੁਖੀ ਹੋਣ ਦੇ ਨਾਤੇ, ਮੈਂ ਦੇਸ਼ ਦੀ ਸੇਵਾ ਕਰਨ ਵਾਲੇ, ਹਿਮਾਚਲ ਪ੍ਰਦੇਸ਼ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦਾ ਹਾਂ।’’ ਰਾਸ਼ਟਰਪਤੀ ਨੇ ਆਪਣੇ 18 ਮਿੰਟ ਦੇ ਸੰਬੋਧਨ ’ਚ ਇਹ ਵੀ ਕਿਹਾ ਕਿ ਪੂਰੇ ਦੇਸ਼ ’ਚ ਵਿਕਾਸ ਦੀ ਦ੍ਰਿਸ਼ਟੀ ਨਾਲ ਰਾਜ ਨੂੰ ‘ਸਿਰਮੌਰ’ ਬਣ ਜਾਣਾ ਚਾਹੀਦਾ। ‘ਸਿਰਮੌਰ’ ਦਾ ਅਰਥ ਹੈ ਤਾਜ, ਇਹ ਹਿਮਾਚਲ ਪ੍ਰਦੇਸ਼ ਦਾ ਇਕ ਜ਼ਿਲ੍ਹਾ ਹੈ। ਉਨ੍ਹਾਂ ਨੇ ਰਾਜ ਦੇ ਕਿਸਾਨਾਂ ਅਤੇ ਰਾਜ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਦੀ ਕੁਦਰਤੀ ਸੁੰਦਰਤਾ ਦੇ ਪ੍ਰਤੀ ਆਕਰਸ਼ਿਤ ਹਨ। ਉਨ੍ਹਾਂ ਨੇ 1974 ’ਚ ਪਹਿਲੀ ਵਾਰ ਰਾਜ ਦਾ ਦੌਰਾ ਕੀਤਾ ਅਤੇ ਉਸ ਸਮੇਂ ਉਹ ਕੁੱਲੂ-ਮਨਾਲੀ ਗਏ ਸਨ ਅਤੇ ਉਦੋਂ ਤੋਂ ਉਨ੍ਹਾਂ ਨੇ ਕਈ ਵਾਰ ਰਾਜ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।