PM ਮੋਦੀ 23 ਜਨਵਰੀ ਨੂੰ ਕੋਲਕਾਤਾ ''ਚ ''ਪਰਾਕ੍ਰਮ ਦਿਵਸ'' ਸਮਾਰੋਹ ਨੂੰ ਕਰਨਗੇ ਸੰਬੋਧਨ

01/21/2021 3:53:34 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜਨਵਰੀ ਨੂੰ ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮੌਕੇ ਕੋਲਕਾਤਾ 'ਚ ਆਯੋਜਿਤ 'ਪਰਾਕ੍ਰਮ ਦਿਵਸ' ਸਮਾਰੋਹ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਆਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਸਥਿਤ ਜੇਰੇਂਗਾ ਪਠਾਰ ਵੀ ਜਾਣਗੇ ਅਤੇ ਉੱਥੇ 1.6 ਲੱਖ ਜ਼ਮੀਨ ਪੱਟਾ ਵੰਡ ਪ੍ਰਮਾਣ ਪੱਤਰ ਵੰਡਣਗੇ। ਬਿਆਨ 'ਚ ਕਿਹਾ ਗਿਆ,''ਪ੍ਰਧਾਨ ਮੰਤਰੀ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ 'ਚ ਪਰਾਕ੍ਰਮ ਦਿਵਸ ਸਮਾਰੋਹ ਦੇ ਉਦਘਾਟਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।'' ਸਰਕਾਰ ਨੇ ਪਿਛਲੇ ਦਿਨੀਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ 'ਪਰਾਕ੍ਰਮ ਦਿਵਸ' ਦੇ ਤੌਰ 'ਤੇ ਮਨਾਉਣ ਦਾ ਫ਼ੈਸਲ ਕੀਤਾ। ਬੋਸ ਦੀ 125ਵੀਂ ਜਯੰਤੀ 23 ਜਨਵਰੀ ਨੂੰ ਮਨਾਈ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਨੇਤਾਜੀ ਦੇ ਜੀਵਨ 'ਤੇ ਆਧਾਰਤ ਇਕ ਸਥਾਈ ਪ੍ਰਦਰਸ਼ਨੀ ਅਤੇ ਇਕ 'ਪ੍ਰੋਜੈਕਸ਼ਨ ਮੈਪਿੰਗ ਸ਼ੋਅ' ਦਾ ਵੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੇਤਾਜੀ ਦੀ ਯਾਦ 'ਚ ਇਕ ਸਮਾਰਕ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ।

ਇਸ ਦੌਰਾਨ ਨੇਤਾਜੀ 'ਤੇ ਆਧਾਰਤ ਇਕ ਸੰਸਕ੍ਰਿਤੀ ਪ੍ਰੋਗਰਾਮ 'ਆਮਰਾ ਨੂਤੋਨ ਜੌਵੋਨੇਰੀ ਦੂਤ' ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਲਕਾਤਾ ਸਥਿਤ ਨੈਸ਼ਨਲ ਲਾਇਬਰੇਰੀ ਦਾ ਵੀ ਦੌਰਾ ਕਰਨਗੇ। ਉੱਥੇ ''21ਵੀਂ ਸਦੀ 'ਚ ਨੇਤਾ ਜੀ ਦੀ ਵਿਰਾਸਤ ਦਾ ਮੁੜ-ਅਵਲੋਕਨ' ਵਿਸ਼ੇ 'ਤੇ ਇਕ ਅੰਤਰਰਾਸ਼ਟਰੀ ਸੰਮਲੇਨ ਆਯੋਜਿਤ ਕੀਤਾ ਗਿਆ ਹੈ। ਉੱਥੇ ਕਲਾਕਾਰਾਂ ਵਲੋਂ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ। ਪ੍ਰਧਾਨ ਮੰਤਰੀ ਕਲਾਕਾਰਾਂ ਅਤੇ ਸੰਮੇਲਨ 'ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨਾਲ ਗੱਲਬਾਤ ਕਰਨਗੇ। ਦੱਸਣਯੋਗ ਹੈ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਉਣ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ 'ਚ 85 ਮੈਂਬਰੀ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਸਾਲ ਭਰ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰੇਗੀ।


DIsha

Content Editor

Related News