ਕੋਲਕਾਤਾ ਡਾਕਟਰ ਮਰਡਰ ਕੇਸ: ਸੀਬੀਆਈ ਦੀ ACB ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਕੀਤਾ ਗ੍ਰਿਫ਼ਤਾਰ
Monday, Sep 02, 2024 - 11:24 PM (IST)
![ਕੋਲਕਾਤਾ ਡਾਕਟਰ ਮਰਡਰ ਕੇਸ: ਸੀਬੀਆਈ ਦੀ ACB ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਕੀਤਾ ਗ੍ਰਿਫ਼ਤਾਰ](https://static.jagbani.com/multimedia/2024_9image_23_23_592252773ghosh.jpg)
ਕੋਲਕਾਤਾ : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਆਰ.ਜੀ. ਕਰ ਮੈਡੀਕਲ ਕਾਲਜ ਦੀ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ਵਿਚ ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ACB) ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਡਾਕਟਰ ਦੇ ਕਤਲ ਦੀ ਸੀਬੀਆਈ ਜਾਂਚ ਕਰ ਰਹੀ ਹੈ। ਸੀਬੀਆਈ ਹੁਣ ਤੱਕ ਇਸ ਮਾਮਲੇ ਵਿਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਮੁੱਖ ਦੋਸ਼ੀ ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਵੀ ਕੀਤਾ ਗਿਆ ਹੈ। ਸੁਪਰੀਮ ਕੋਰਟ ਕੋਲਕਾਤਾ ਡਾਕਟਰ ਜਬਰ-ਜ਼ਨਾਹ ਅਤੇ ਕਤਲ ਕੇਸ ਦੀ ਵੀ ਸੁਣਵਾਈ ਕਰ ਰਹੀ ਹੈ। ਸੁਪਰੀਮ ਕੋਰਟ ਨੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਲੋਕ ਸੜਕਾਂ 'ਤੇ ਉਤਰ ਕੇ ਇਨਸਾਫ਼ ਲਈ ਕਰ ਰਹੇ ਨੇ ਫ਼ਰਿਆਦ
ਇਸ ਦੇ ਨਾਲ ਹੀ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਲੋਕ ਅੱਜ ਵੀ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਬੰਗਾਲ ਵਿਚ ਇਕ ਵਿਸ਼ਾਲ ਰੈਲੀ ਵਿਚ ਹਿੱਸਾ ਲੈ ਰਹੇ ਲੋਕਾਂ, ਜਿਨ੍ਹਾਂ ਵਿਚ ਪ੍ਰਮੁੱਖ ਫਿਲਮੀ ਹਸਤੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਸ਼ਾਮਲ ਸਨ, ਨੇ ਮਹਿਲਾ ਡਾਕਟਰ ਲਈ ਨਿਆਂ ਦੀ ਮੰਗ ਨੂੰ ਲੈ ਕੇ ਸਵੇਰੇ 4 ਵਜੇ ਤੱਕ ਰਾਤ ਭਰ ਦਾ ਧਰਨਾ ਦਿੱਤਾ। ਐਤਵਾਰ ਨੂੰ ਹਜ਼ਾਰਾਂ ਲੋਕ ਰੋਸ ਮਾਰਚ ਵਿਚ ਸ਼ਾਮਲ ਹੋਏ ਅਤੇ ਰੈਲੀ ਦੇ ਅੰਤ ਵਿਚ ਮੱਧ ਕੋਲਕਾਤਾ ਵਿਚ ਐਸਪਲੇਨੇਡ ਖੇਤਰ ਵਿਚ ਬੈਠ ਗਏ। ਉਨ੍ਹਾਂ ਨੇ ਇਸ ਘਿਨਾਉਣੇ ਅਪਰਾਧ ਦੀ ਤੇਜ਼ੀ ਨਾਲ ਜਾਂਚ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਰਕਾਰ 'ਤੇ ਦਬਾਅ ਬਣਾਉਣ ਲਈ ਸੋਮਵਾਰ ਸਵੇਰ ਤੱਕ ਉਥੇ ਰਹਿਣ ਦਾ ਪ੍ਰਣ ਕੀਤਾ।
ਫਿਲਮ ਨਿਰਦੇਸ਼ਕ ਬਿਰਸਾ ਦਾਸਗੁਪਤਾ ਨੇ ਕਿਹਾ, "ਅਸੀਂ ਪ੍ਰਸ਼ਾਸਨ ਨੂੰ ਆਪਣੀ ਮੰਗ ਵੱਲ ਧਿਆਨ ਖਿੱਚਣ ਲਈ ਸਵੇਰੇ 4 ਵਜੇ ਦੀ ਸਮਾਂ ਸੀਮਾ ਦਿੱਤੀ ਸੀ... ਪਰ ਸਾਨੂੰ ਰਾਜ ਦੇ ਕਿਸੇ ਵੀ ਵਿਭਾਗ ਪੁਲਸ, ਸਿਹਤ ਅਤੇ ਮਹਿਲਾ ਅਤੇ ਬਾਲ ਭਲਾਈ ਤੋਂ ਕੋਈ ਜਵਾਬ ਨਹੀਂ ਮਿਲਿਆ।" ਉਨ੍ਹਾਂ ਕਿਹਾ, ''ਹੜਤਾਲ ਦੀ ਸ਼ੁਰੂਆਤ 'ਚ ਅਸੀਂ ਇਨ੍ਹਾਂ ਵਿਭਾਗਾਂ ਨੂੰ ਵੱਖ-ਵੱਖ ਈ-ਮੇਲ ਭੇਜ ਕੇ ਸਾਡੀਆਂ ਸ਼ਿਕਾਇਤਾਂ ਸੁਣਨ ਲਈ ਇਕ ਵਫਦ ਭੇਜਣ ਦੀ ਬੇਨਤੀ ਕੀਤੀ ਸੀ। ਸੂਬਾ ਸਰਕਾਰ ਦਾ ਇਕ ਵੀ ਨੁਮਾਇੰਦਾ ਨਾ ਤਾਂ ਧਰਨੇ ਵਾਲੀ ਥਾਂ 'ਤੇ ਪਹੁੰਚਿਆ ਅਤੇ ਨਾ ਹੀ ਕੋਈ ਜਵਾਬ ਦਿੱਤਾ।
ਅਦਾਕਾਰਾ ਸੋਹਿਨੀ ਸਰਕਾਰ ਨੇ ਕਿਹਾ ਕਿ ਉੱਤਰੀ ਕੋਲਕਾਤਾ ਦੇ ਕਾਲਜ ਸਕੁਏਅਰ ਤੋਂ ਸ਼ੁਰੂ ਹੋਈ ਵਿਸ਼ਾਲ ਰੈਲੀ 'ਚ ਹਿੱਸਾ ਲੈਣ ਵਾਲੇ ਲੋਕ ਸਵੇਰੇ 4 ਵਜੇ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਅੰਦੋਲਨ ਦੀ ਭਵਿੱਖੀ ਰਣਨੀਤੀ 'ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ, "ਅਸੀਂ ਪ੍ਰਦਰਸ਼ਨ ਲਈ ਸਥਾਪਿਤ ਕੀਤੇ ਗਏ ਮੰਚ ਨੂੰ ਨਹੀਂ ਹਟਾਵਾਂਗੇ।'' ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਅਦਾਕਾਰਾ ਸਵਸਿਤਕਾ ਮੁਖਰਜੀ ਨੇ ''ਦੁਰਵਿਹਾਰ ਤੋਂ ਆਜ਼ਾਦੀ'' ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8