ਕੇਂਦਰੀ ਮੰਤਰੀ ਕਿਸ਼ਨ ਰੈੱਡੀ ਨੇ ਬਾਵੇ ਵਾਲੀ ਮਾਤਾ ਮੰਦਰ ''ਚ ਕੀਤੀ ਪੂਜਾ
Friday, Sep 06, 2024 - 05:25 PM (IST)
ਜੰਮੂ- ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਵਿਚ ਬਾਵੇ ਵਾਲੀ ਮਾਤਾ ਮੰਦਰ 'ਚ ਪੂਜਾ ਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਅਤੇ ਜੰਮੂ-ਕਸ਼ਮੀਰ 'ਚ ਸ਼ਾਂਤੀ, ਵਿਕਾਸ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਬਿਨਾਂ ਕਿਸੇ ਰੁਕਾਵਟ ਦੇ ਕਰਵਾਉਣ ਲਈ ਪ੍ਰਾਰਥਨਾ ਕੀਤੀ। ਜੰਮੂ-ਕਸ਼ਮੀਰ 'ਚ ਭਾਜਪਾ ਦੇ ਚੋਣ ਇੰਚਾਰਜ ਰੈੱਡੀ ਨੇ ਪਾਰਟੀ ਦੀਆਂ ਤਿਆਰੀਆਂ ਅਤੇ ਖੇਤਰ ਭਰ 'ਚ ਪ੍ਰਚਾਰ ਦੀ ਨਿਗਰਾਨੀ ਕਰਨ ਲਈ ਜੰਮੂ ਵਿਚ ਡੇਰਾ ਲਾਇਆ ਹੋਇਆ ਹੈ। ਰੈੱਡੀ ਨੇ ਕਿਹਾ ਕਿ ਮੈਂ ਮਾਤਾ ਕਾਲੀ ਦੇ ਮੰਦਰ 'ਚ ਪੂਜਾ ਕੀਤੀ। ਅਸੀਂ ਇੱਥੇ ਸ਼ਾਂਤੀ ਅਤੇ ਨਿਰੰਤਰ ਵਿਕਾਸ ਲਈ ਪ੍ਰਾਰਥਨਾ ਕੀਤੀ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲਈ ਵੀ ਆਸ਼ੀਰਵਾਦ ਮੰਗਿਆ ਜੋ ਸਾਡੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਉਮੀਦ ਜਤਾਈ ਕਿ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਭਾਜਪਾ ਜੰਮੂ-ਕਸ਼ਮੀਰ ਦੀ ਇਸ ਵਿਕਾਸ ਯਾਤਰਾ ਦੀ ਅਗਵਾਈ ਕਰੇਗੀ। ਰੈੱਡੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਜਪਾ ਦਾ ਚੋਣ ਮੈਨੀਫੈਸਟੋ ਜਾਰੀ ਕਰਨਗੇ ਅਤੇ ਸ਼ਨੀਵਾਰ ਨੂੰ ਜੰਮੂ ਤੋਂ ਪਾਰਟੀ ਦੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਲਈ ਪਾਰਟੀ ਦਾ ਮੈਨੀਫੈਸਟੋ ਔਰਤਾਂ, ਨੌਜਵਾਨਾਂ, ਲੋੜਵੰਦਾਂ ਅਤੇ ਕਿਸਾਨਾਂ ਦੀ ਹਾਲਤ ਸੁਧਾਰਨ 'ਤੇ ਕੇਂਦਰਿਤ ਹੋਵੇਗਾ। ਕੇਂਦਰੀ ਮੰਤਰੀ ਨੇ ਵਿਰੋਧੀ ਧਿਰ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗਠਜੋੜ ਦੀ ਆਲੋਚਨਾ ਕਰਦਿਆਂ ਇਸ ਨੂੰ ਵਿਕਾਸ ਵਿਰੋਧੀ ਦੱਸਿਆ। ਉਨ੍ਹਾਂ ਦੋਵਾਂ ਵਿਰੋਧੀ ਪਾਰਟੀਆਂ 'ਤੇ ਖੇਤਰ 'ਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ।