ਰੋਕਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਕਰਨਾਲ ਪਹੁੰਚੇ ਕਿਸਾਨ, ਤਸਵੀਰਾਂ ’ਚ ਵੇਖੋ ਤਾਜ਼ਾ ਹਾਲਾਤ
Tuesday, Sep 07, 2021 - 12:47 PM (IST)
ਕਰਨਾਲ— ਹਰਿਆਣਾ ਦੇ ਕਰਨਾਲ ’ਚ ਬੀਤੀ 28 ਅਗਸਤ ਨੂੰ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਅੱਜ 7 ਸਤੰਬਰ ਨੂੰ ਕਿਸਾਨਾਂ ਵਲੋਂ ਮਹਾਪੰਚਾਇਤ ਸੱਦੀ ਗਈ ਹੈ। ਦਰਅਸਲ ਕਿਸਾਨਾਂ ਵਲੋਂ ਅੱਜ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਵੱਡੀ ਗਿਣਤੀ ’ਚ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਪੂਰੇ ਸ਼ਹਿਰ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਅਨਾਜ ਮੰਡੀ ’ਚ ਲੋਕ ਦਾ ਵੱਡਾ ਹਜ਼ੂਮ ਪਹੁੰਚ ਰਿਹਾ ਹੈ। ਹਰਿਆਣਾ ਸਰਕਾਰ ਵਲੋਂ ਇੰਟਰਨੈੱਟ ਬੰਦ ਕੀਤਾ ਗਿਆ ਹੈ ਪਰ ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਇਸ ਸਮੇਂ ਕਰਨਾਲ ’ਚ ਕੀ ਹਾਲਾਤ ਹਨ, ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ।
ਸਾਰੀਆਂ ਕਿਸਾਨ ਜਥੇਬੰਦੀਆਂ ਕਰਨਾਲ ਅਨਾਜ ਮੰਡੀ ਇਕੱਠੇ ਹੋਣ ਮਗਰੋਂ ਸਕੱਤਰੇਤ ਵੱਲ ਕੂਚ ਕਰਨਗੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਥੇਬੰਦੀਆਂ ਦੇ ਆਦੇਸ਼ ਮੁਤਾਬਕ ਹੀ ਚੱਲਣਗੇ। ਦੱਸ ਦੇਈਏ ਕਿ ਕਰਨਾਲ ਜ਼ਿਲ੍ਹੇ ’ਚ ਸਾਵਧਾਨੀ ਦੇ ਤੌਰ ’ਤੇ ਧਾਰਾ-144 ਲਾਗੂ ਹੈ।
ਦੱਸਣਯੋਗ ਹੈ ਕਿ 28 ਅਗਸਤ ਨੂੰ ਕਰਨਾਲ ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਨੇ ਪੁਲਸ ਨੂੰ ਕਿਸਾਨਾਂ ਦੇ ਸਿਰ ਭੰਨਣ ਯਾਨੀ ਕਿ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ।
ਇਸ ਲਾਠੀਚਾਰਜ ਵਿਚ ਇਕ ਕਿਸਾਨ ਦੀ ਮੌਤ ਵੀ ਹੋਈ ਅਤੇ ਦਰਜਨ ਦੇ ਕਰੀਬ ਕਿਸਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਕਿਸਾਨ ਜਥੇਬੰਦੀਆਂ ਨੇ ਲਾਠੀਚਾਰਜ ਦੇ ਆਦੇਸ਼ ਦੇਣ ਵਾਲੇ ਐੱਸ. ਡੀ. ਐੱਮ. ਅਤੇ ਪੁਲਸ ਅਧਿਕਾਰੀਆਂ ’ਤੇ 6 ਸਤੰਬਰ ਤੱਕ ਕੇਸ ਦਰਜ ਕਰਨ ਦਾ ਅਲਟੀਮੇਟਮ ਦਿੱਤਾ ਸੀ।