ਦਲਾਈ ਲਾਮਾ ‘ਸ਼ਾਂਤੀ ਦੇ ਦੂਤ’, ਤਿੱਬਤੀ ਲੋਕਾਂ ਲਈ ਹੋਰ ਯੋਗਦਾਨ ਦੇਣ ਦੀ ਜ਼ਰੂਰਤ : ਰਿਜਿਜੂ

Friday, Feb 24, 2023 - 12:01 PM (IST)

ਦਲਾਈ ਲਾਮਾ ‘ਸ਼ਾਂਤੀ ਦੇ ਦੂਤ’, ਤਿੱਬਤੀ ਲੋਕਾਂ ਲਈ ਹੋਰ ਯੋਗਦਾਨ ਦੇਣ ਦੀ ਜ਼ਰੂਰਤ : ਰਿਜਿਜੂ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰੇਨ ਰਿਜਿਜੂ ਨੇ ਤਿੱਬਤੀਆਂ ਦੇ ਧਰਮਗੁਰੂ ਦਲਾਈ ਲਾਮਾ ਨੂੰ ‘ਸ਼ਾਂਤੀ ਦਾ ਦੂਤ’ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਤਿੱਬਤੀਆਂ ਦੇ ਹਿਤਾਂ ਲਈ ਮਹੱਤਵਪੂਰਣ ਯੋਗਦਾਨ ਦੇਣ ਦੀ ਜ਼ਰੂਰਤ ਹੈ। ਤਿੱਬਤੀ ਬੋਧੀ ਨਵੇਂ ਸਾਲ ਦੇ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਿਜਿਜੂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਰਹਿ ਰਹੇ ਤਿੱਬਤੀ ਭਾਈਚਾਰੇ ਤੱਕ ਵੀ ਪਹੁੰਚਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤਿੱਬਤੀ ਲੋਕ ਜਾਣ-ਬੁੱਝ ਕੇ ਭਾਰਤ ’ਚ ਕਦੇ ਵੀ ਸਮੱਸਿਆਵਾਂ ਪੈਦਾ ਨਹੀਂ ਕਰਦੇ ਹਨ। ਉਹ ਬਹੁਤ ਸ਼ਾਂਤੀ ਪਸੰਦ ਲੋਕ ਹਨ ਅਤੇ ਦਲਾਈ ਲਾਮਾ ਸ਼ਾਂਤੀ ਦੇ ਦੂਤ ਹਨ। ਉਹ ਦੁਨੀਆ ’ਚ ਸਭ ਤੋਂ ਪਿਆਰੇ ਅਤੇ ਸਨਮਾਨਿਤ ਵਿਅਕਤੀ ਹਨ। ਚੀਨ ਨੇ ਬੀਤੇ ਸਮੇਂ ’ਚ ਦਲਾਈ ਲਾਮਾ ਨੂੰ ‘ਭਿਕਸ਼ੂ ਦੇ ਵੇਸ਼ ’ਚ ਭੇੜੀਆ’, ‘ਡਬਲ ਡੀਲਰ’ ਅਤੇ ‘ਅਲਗਾਵਵਾਦੀ ਮੁਖੀ’ ਦਾ ਨਾਂ ਦਿੱਤਾ ਸੀ। ਦਲਾਈ ਲਾਮਾ ਚੀਨ ਤੋਂ ਤਿੱਬਤ ਨੂੰ ਵੱਖ ਕਰਨ ਦੀ ਮੰਗ ਕਰ ਰਹੇ ਹਨ।

ਰਿਜਿਜੂ ਨੇ ਦਲਾਈ ਲਾਮਾ ਦੇ ਲੰਬੇ ਅਤੇ ਤੰਦੁਰੁਸਤ ਜੀਵਨ ਲਈ ਪ੍ਰਾਰਥਨਾ ਕਰਦੇ ਹੋਏ ਕਿਹਾ ਕਿ ਅਧਿਆਤਮਕ ਨੇਤਾ ਦੇ ਵਿਚਾਰਾਂ ਦਾ ਵਿਆਪਕ ਤੌਰ ’ਤੇ ਸਨਮਾਨ ਕੀਤਾ ਜਾਂਦਾ ਹੈ ਅਤੇ ਦੁਨੀਆ ਭਰ ’ਚ ਉਨ੍ਹਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ।

ਉਨ੍ਹਾਂਨੇ ਕਿਹਾ ਕਿ ਭਾਰਤ ਸਰਕਾਰ ਤਿੱਬਤ ਤੋਂ ਉੱਜੜ ਕੇ ਆਏ ਭਾਈਚਾਰੇ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਸਮੇਂ-ਸਮੇਂ ’ਤੇ ਤਿੱਬਤੀ ਸ਼ਰਨਾਰਥੀ ਨੀਤੀ ਦੀ ਸਮੀਖਿਆ ਕਰ ਸਕਦੀ ਹੈ। ਉਨ੍ਹਾਂ ਦਿੱਲੀ ਦੀ ਤਿੱਬਤੀ ਬਸਤੀ ‘ਮਜਨੂੰ ਕਾ ਟੀਲਾ’ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ, ਸਾਨੂੰ ਤਿੱਬਤੀਆਂ ਦੇ ਹਿਤਾਂ ਦੇ ਮਾਮਲੇ ’ਚ ਅਹਿਮ ਯੋਗਦਾਨ ਦੇਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਇਕ ਦਿਨ ਤੁਸੀਂ ਸਨਮਾਨ ਦੇ ਨਾਲ ਇਕ ਨਿਸ਼ਚਿਤ ਜਗ੍ਹਾ ’ਤੇ ਰਹੋਗੇ ਅਤੇ ਸਨਮਾਨਜਨਕ ਜੀਵਨ ਜੀਓਗੇ। ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਮਨੁੱਖਤਾ ਦੇ ਆਧਾਰ ’ਤੇ ਭਾਰਤ ’ਚ ਰਹਿ ਰਹੇ ਵੱਡੇ ਤਿੱਬਤੀ ਭਾਈਚਾਰੇ ਤੱਕ ਵੀ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿੱਬਤੀ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਫੈਲੇ ਹੋਏ ਹਨ ਅਤੇ ਉਹ ਬਹੁਤ ਮਿਹਨਤੀ ਅਤੇ ਸਫਲ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਤਿੱਬਤੀ ਸ਼ਰਨਾਰਥੀ ਨੀਤੀ ਨੂੰ ਆਧੁਨਿਕ ਬਣਾਇਆ ਹੈ ਅਤੇ ਉਹ (ਰਿਜਿਜੂ) ਭਾਰਤ ’ਚ ਕਈ ਤਿੱਬਤੀ ਬਸਤੀਆਂ ਦਾ ਦੌਰਾ ਕਰਨ ਵਾਲੇ ਪਹਿਲਾਂ ਕੇਂਦਰੀ ਮੰਤਰੀ ਹਨ।


author

Rakesh

Content Editor

Related News