ਕਿਡਨੀ ਸਟੋਨ ਨੂੰ ਬਾਹਰ ਕੱਢਣ ’ਚ ਮਦਦ ਕਰੇਗੀ ਕੁਲਥ ਦੀ ਦਾਲ
Saturday, Mar 21, 2020 - 12:44 AM (IST)
ਨਵੀਂ ਦਿੱਲੀ(ਇੰਟ.)–ਕਿਡਨੀ ਦੀ ਪੱਥਰੀ ਹੋਣਾ ਆਮ ਗੱਲ ਹੋ ਚੁੱਕੀ ਹੈ। ਅਜਿਹੀ ਸਥਿਤੀ ’ਚ ਇਨਸਾਨ ਨੂੰ ਉਦੋਂ ਤੇਜ਼ ਦਰਦ ਸ਼ੁਰੂ ਹੁੰਦੀ ਹੈ ਜਦੋਂ ਪੱਥਰੀ ਇਕ ਤੋਂ ਦੂਜੇ ਸਥਾਨ ’ਤੇ ਖਿਸਕਣ ਲੱਗਦੀ ਹੈ। ਇਸ ਸਮੱਸਿਆ ਦਾ ਇਲਾਜ ਤੁਸੀਂ ਕੁਲਥ ਦੀ ਦਾਲ ਨਾਲ ਕਰ ਸਕਦੇ ਹੋ। ਕੁਲਥ ਦੀ ਦਾਲ ਇਕ ਅਜਿਹੀ ਫਲੀ ਹੈ, ਜੋ ਗੁਰਦੇ ਦੀ ਬੀਮਾਰੀ ਦੇ ਇਲਾਜ ’ਚ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਸ ਦੀ ਖੇਤੀ ਭਾਰਤ ’ਚ ਪ੍ਰਾਚੀਨ ਕਾਲ ਤੋਂ ਕੀਤੀ ਜਾਂਦੀ ਰਹੀ ਹੈ। ਕੁਲਥ ਦੀ ਦਾਲ ਨੂੰ ਰੋਜ਼ਾਨਾ ਖਾਣ ਨਾਲ ਪੱਥਰੀ ਹੌਲੀ-ਹੌਲੀ ਗਲ ਜਾਂਦੀ ਹੈ ਅਤੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਜੇ ਕਿਡਨੀ ’ਚ ਪੱਥਰੀ ਦਾ ਸਾਈਜ਼ 1 ਸੈਂਟੀਮੀਟਰ ਹੈ ਤਾਂ ਇਹ ਦਾਲ ਬੇਹੱਦ ਫਾਇਦੇਮੰਦ ਸਾਬਤ ਹੋ ਸਕਦੀ ਹੈ। ਉਥੇ ਹੀ ਇਸ ਨਾਲ ਵੱਡੀ ਪੱਥਰੀ ਦੇ ਮਾਮਲੇ ’ਚ ਆਧੁਨਿਕ ਮੈਡੀਕਲ ਸਹੂਲਤ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੈ।
ਕਿਡਨੀ ਸਟੋਨ ਦੇ ਇਲਾਜ ਲਈ ਕੁਲਥ ਦੀ ਵਰਤੋਂ ਕਿਵੇਂ ਕਰੀਏ
ਘਰੇਲੂ ਇਲਾਜ ਦੇ ਰੂਪ ’ਚ ਤੁਸੀਂ ਪੱਥਰੀ ਦੇ ਇਲਾਜ ਲਈ ਕੁਲਥ ਦੀ ਵਰਤੋਂ ਕਰ ਸਕਦੇ ਹੋ। ਇਸ ’ਚ ਮੌਜੂਦ ਫੇਨਾਲਿਕ ਕੰਪੋਨੈੱਟ, ਫਲੇਵੋਨੋਇਡਸ, ਸਟੇਰਾਇਡ ਅਤੇ ਸੈਪੋਨਿਨ ਵਰਗੇ ਕਈ ਫਾਈਟੋਕੈਮੀਕਲਸ ਦੀ ਹਾਜ਼ਰੀ ਕਾਰਣ ਸਾਇੰਟਫਿਕ ਸਟੱਡੀ ਨੇ ਇਸ ਦੇ ਐਂਟੀ-ਯੂਰੋਲਿਥੀਆਸਿਸ ਗੁਣਾਂ ਦੀ ਪੁਸ਼ਟੀ ਕੀਤੀ ਹੈ। ਤੁਸੀਂ ਕੁਲਥ ਨੂੰ ਬਾਜ਼ਾਰ ਤੋਂ ਖਰੀਦ ਸਕਦੇ ਹੋ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਵਗਦੇ ਪਾਣੀ ਹੇਠਾਂ ਚੰਗੀ ਤਰ੍ਹਾਂ ਧੋ ਲਓ। ਕੁਲਥੀ ਦੀ ਦਾਲ ਦਾ ਰੋਜ਼ਾਨਾ ਸੇਵਨ ਪੱਥਰੀ ਨੂੰ ਤੋੜ ਕੇ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ। ਤੁਸੀਂ ਕੁਲਥੀ ਦਾਲ ਨੂੰ ਕਿਸੇ ਵੀ ਹੋਰ ਦਾਲ ਵਾਂਗ ਤਿਆਰ ਕਰ ਸਕਦੇ ਹੋ।
ਕਿਵੇਂ ਬਣਾਈਏ ਕੁਲਥੀ ਦਾ ਪਾਣੀ
200 ਮਿ. ਲੀ. ਪਾਣੀ ’ਚ 25 ਗ੍ਰਾਮ ਦਾਲ ਉਬਾਲ ਕੇ ਤਿਆਰ ਕੀਤਾ ਜਾ ਸਕਦਾ ਹੈ।
ਇਸ ਨੂੰ ਉਦੋਂ ਤੱਕ ਉਬਾਲਿਆ ਜਾਣਾ ਚਾਹੀਦਾ ਹੈ, ਜਦੋਂ ਤਕ ਕਿ ਪਾਣੀ 50 ਮਿ. ਲੀ. ਤੱਕ ਨਾ ਰਹਿ ਜਾਵੇ।
ਇਸ ਨੂੰ ਛਾਣ ਲਓ ਅਤੇ ਦਿਨ ’ਚ 2 ਵਾਰ ਗਰਮ-ਗਰਮ ਪੀਓ।
ਕਿੰਨੇ ਦਿਨਾਂ ’ਚ ਦਿਖਾਉਂਦੀ ਹੈ ਅਸਰ
ਇਹ ਇਲਾਜ ਲਗਭਗ 4-5 ਮਹੀਨੇ ਦਾ ਸਮਾਂ ਲੈਂਦਾ ਹੈ ਪਰ ਇਸ ਨੂੰ ਇਕ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ। ਇਸ ਦਾ ਪਾਣੀ ਨਿਯਮਿਤ ਰੂਪ ਨਾਲ ਪੀਓ, ਕਿਉਂਕਿ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।