PM ਮੋਦੀ ਦੀ ਅਮਰੀਕਾ ਯਾਤਰਾ ’ਚ ਪ੍ਰਦਰਸ਼ਨ ਦੀ ਇਜਾਜ਼ਤ ਨਾ ਮਿਲਣ ਤੋਂ ਬੌਖਲਾਏ ਖਾਲਿਸਤਾਨ ਹਮਾਇਤੀ
Wednesday, Jul 05, 2023 - 12:45 PM (IST)

ਨਵੀਂ ਦਿੱਲੀ (ਇੰਟ.) – ਅਮਰੀਕਾ ਅਤੇ ਕੈਨੇਡਾ ਵਿਚ ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਵਿਚ ਤੇਜ਼ੀ ਬਿਨਾਂ ਕਾਰਨ ਨਹੀਂ ਹੈ। ਚੋਟੀ ਦੇ ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਸਫਲ ਯਾਤਰਾ ਨਾਲ ਖਾਲਿਸਤਾਨੀ ਵੱਖਵਾਦੀ ਸਮੂਹਾਂ ਵਿਚ ਭਾਰੀ ਬੌਖਲਾਹਟ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਤੋਂ ਫੰਡਿੰਗ ਮਿਲਣ ਦੇ ਬਾਵਜੂਦ ਉਹ ਸਫਲਤਾਪੂਰਵਕ ਪ੍ਰਦਰਸ਼ਨ ਨਹੀਂ ਕਰ ਸਕੇ ਕਿਉਂਕਿ ਉਹ ਵਿਰੋਧ ਪ੍ਰਦਰਸ਼ਨ ਲਈ ਸਿਰਫ 50-60 ਲੋਕਾਂ ਨੂੰ ਹੀ ਇਕੱਠਾ ਕਰ ਸਕੇ। ਅਮਰੀਕਾ ਨੇ ਵਿਰੋਧ ਸਭਾਵਾਂ ਦੀ ਉਨ੍ਹਾਂ ਦੀ ਬੇਨਤੀ ਨੂੰ ਲਗਾਤਾਰ ਸ਼ੱਕ ਦੀ ਨਜ਼ਰ ਨਾਲ ਦੇਖਿਆ। ਹੁਣ ਸੈਨ ਫਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ’ਤੇ ਹਮਲੇ ਤੋਂ ਬਾਅਦ ਅਮਰੀਕਾ ਸੁਰੱਖਿਆ ਅਧਿਕਾਰੀ ਅਜਿਹੇ ਵਿਰੋਧ ਪ੍ਰਦਰਸ਼ਨਾਂ ਲਈ ਜ਼ਿਆਦਾ ਇਜਾਜ਼ਤ ਨਹੀਂ ਦੇਣਗੇ।
ਸੂਤਰਾਂ ਨੇ ਕਿਹਾ ਕਿ ਆਈ. ਐੱਸ. ਆਈ. ਨੇ ਮੁਹਿੰਮ ਵਿਚ ਰਫਤਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ ਅਤੇ ਪਾਕਿਸਤਾਨੀ ਪ੍ਰਵਾਸੀ ਵੀ ਸੜਕਾਂ ’ਤੇ ਆਉਣ ਦੇ ਇੱਛੁਕ ਨਹੀਂ ਸਨ। ਪ੍ਰਧਾਨ ਮੰਤਰੀ ਨੇ 20 ਜੂਨ ਨੂੰ ਅਮਰੀਕਾ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਨਿਊਯਾਰਕ ਵਿਚ ਉਨ੍ਹਾਂ 21 ਜੂਨ ਨੂੰ 9ਵੇਂ ਕੌਮਾਂਤਰੀ ਯੋਗ ਦਿਵਸ ਦੇ ਸੰਬੰਧ ਵਿਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਇਕ ਇਤਿਹਾਸਕ ਪ੍ਰੋਗਰਾਮ ਦੀ ਅਗਵਾਈ ਕੀਤੀ। ਬਾਅਦ ਵਿਚ ਵਾਸ਼ਿੰਗਟਨ ਡੀ. ਸੀ. ਵਿਚ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਵ੍ਹਾਈਟ ਹਾਊਸ ਵਿਚ ਉਨ੍ਹਾਂ ਦਾ ਰੈੱਡ ਕਾਰਪੈੱਟ ’ਤੇ ਸਵਾਗਤ ਕੀਤਾ ਗਿਆ। ਦੋਵਾਂ ਨੇਤਾਵਾਂ ਨੇ ਇਕ ਇਤਿਹਾਸਕ ਸਿਖਰ ਸੰਮੇਲਨ ਆਯੋਜਿਤ ਕੀਤਾ, ਜਿਸ ਤੋਂ ਬਾਅਦ ਪੀ. ਐੱਮ. ਮੋਦੀ ਨੇ ਅਮਰੀਕੀ ਕਾਂਗਰਸ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਵਿਚ ਬਾਈਡੇਨ ਵਲੋਂ ਇਕ ਸਰਕਾਰੀ ਡਿਨਰ ਦਾ ਆਯੋਜਨ ਕੀਤਾ। ਇਸ ਯਾਤਰਾ ਦੀ ਰੱਖਿਆ, ਪੁਲਾੜ ਅਤੇ ਵਪਾਰ ਵਰਗੇ ਪ੍ਰਮੁੱਖ ਖੇਤਰਾਂ ਵਿਚ ਸਹਿਯੋਗ ਨੂੰ ਉਤਸ਼ਾਹ ਦੇਣ ਲਈ ਕਈ ਪ੍ਰਮੁੱਖ ਸੌਦਿਆਂ ਰਾਹੀਂ ਨਿਸ਼ਾਨਦੇਹੀ ਕੀਤੀ ਗਈ ਸੀ।
ਅਮਕੀਕਾ ਨੇ ਕਿਹਾ-ਡਿਪਲੋਮੈਟਾਂ ’ਤੇ ਹਿੰਸਾ ਅਪਰਾਧ ਹੈ
ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਸਵੇਰੇ ਇਕ ਟਵੀਟ ਵਿਚ ਕਿਹਾ-‘ਅਮਰੀਕਾ ਸੈਨ ਫਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ’ਤੇ ਅੱਗਜ਼ਨੀ ਦੇ ਯਤਨ ਦੀ ਸਖਤ ਨਿੰਦਾ ਕਰਦਾ ਹੈ। ਅਮਰੀਕਾ ਵਿਚ ਡਿਪਲੋਮੈਟ ਸਹੂਲਤਾਂ ਜਾਂ ਵਿਦੇਸ਼ਾਂ ਵਿਚ ਡਿਪਲੋਮੈਟਾਂ ਖਿਲਾਫ ਹਿੰਸਾ ਅਪਰਾਧ ਹੈ।’
ਕੈਨੇਡਾ ਤੇ ਅਮਰੀਕਾ ਨੂੰ ਜੈਸ਼ੰਕਰ ਦੀ ਚਿਤਾਵਨੀ ਦੇ ਬਾਵਜੂਦ ਇਹ ਕਰਤੂਤ
ਇਕ ਦਿਨ ਪਹਿਲਾਂ ਹੀ ਸੋਮਵਾਰ ਨੂੰ ਕੈਨੇਡਾ ਵਿਚ ਖਾਲਿਸਤਾਨ ਹਮਾਇਤੀਆਂ ਦੀਆਂ ਭਾਰਤ-ਵਿਰੋਧੀ ਹਰਕਤਾਂ ’ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਬਿਆਨ ਆਇਆ ਸੀ। ਦਰਅਸਲ ਸਿੱਖ ਫਾਰ ਜਸਟਿਸ ਦੇ ਬੈਨਰ ਹੇਠ ਕੈਨੇਡਾ ਵਿਚ ਕੁਝ ਪੋਸਟਰ ਲਾਏ ਗਏ ਸਨ। ਇਨ੍ਹਾਂ ਪੋਸਟਰਾਂ ਵਿਚ ‘ਕਿਲ ਇੰਡੀਆ’ ਲਿਖਿਆ ਗਿਆ ਸੀ। ਇਹੀ ਨਹੀਂ, ਇਨ੍ਹਾਂ ਪੋਸਟਰਾਂ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਟੋਰਾਂਟੋ ਵਿਚ ਭਾਰਤ ਦੀ ਮਹਾ ਵਣਜ ਦੂਤ ਅਪੂਰਵਾ ਸ਼੍ਰੀਵਾਸਤਵ ’ਤੇ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਾਇਆ ਸੀ। ਇਸ ਘਟਨਾ ’ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਪਹਿਲਾਂ ਤੋਂ ਹੀ ਕੈਨੇਡਾ ਵਰਗੇ ਭਾਈਵਾਲ ਦੇਸ਼ਾਂ ਦੇ ਸੰਪਰਕ ਵਿਚ ਹੈ। ਕੈਨੇਡਾ ਨੂੰ ਖਾਲਿਸਤਾਨੀ ਸਮੂਹਾਂ ਨੂੰ ਜਗ੍ਹਾ ਨਾ ਦੇਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਪੋਸਟਰ ਇਕ ਦਿਨ ਪਹਿਲਾਂ ਜਾਰੀ ਕੀਤਾ ਗਿਆ, ਇਸ ਨੂੰ ਪਹਿਲਾਂ ਹੀ ਉਚਿਤ ਮਾਧਿਅਮ ਨਾਲ ਸੰਬੰਧਤ ਦੇਸ਼ ਦੇ ਸਾਹਮਣੇ ਉਠਾਇਆ ਜਾ ਚੁੱਕਾ ਹੈ। ਪੋਸਟਰ ਵਿਚ 8 ਜੁਲਾਈ ਨੂੰ ਤੈਅ ਕੀਤੀ ਗਈ ‘ਖਾਲਿਸਤਾਨ ਫ੍ਰੀਡਮ ਰੈਲੀ’ ਲਈ ਲੋਕਾਂ ਨੂੰ ਸੱਦਾ ਦਿੱਤਾ ਗਿਆ।