ਕੇਰਲ ਪੁਲਸ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ ਦੱਸਿਆ ਅਨੋਖਾ ਤਾਰੀਕਾ, ਵੀਡੀਓ ਵਾਇਰਲ
Wednesday, Mar 18, 2020 - 04:42 PM (IST)
ਤਿਰੂਵੰਤਪੁਰਮ—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ) ਅਤੇ ਯੂਨੀਸੈਫ ਨੇ ਲੋਕਾਂ ਨੂੰ ਹੱਥ ਧੋਣ ਤੋਂ ਇਲਾਵਾ ਕੁਝ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ। ਇਸ ਵਾਇਰਸ ਨਾਲ ਖੁਦ ਨੂੰ ਬਚਾਉਣ ਦਾ ਸਭ ਤੋਂ ਪਹਿਲਾਂ ਤਰੀਕਾ ਹੱਥ ਧੋਣਾ ਹੈ। ਇਸ ਦੌਰਾਨ ਕੇਰਲ ਪੁਲਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਅਨੋਖਾ ਤਰੀਕਾ ਅਪਣਾਇਆ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ ਕੇਰਲ ਪੁਲਸ ਵੱਲੋਂ ਕੋਰੋਨਾ ਤੋਂ ਬਚਣ ਲਈ ਡਾਂਸ ਦੇ ਅੰਦਾਜ਼ 'ਚ ਲੋਕਾਂ ਨੂੰ ਹੱਥ ਧੋਣ ਸਿਖਾ ਰਹੇ ਹਨ, ਜਿਸਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸਟੇਟ ਪੁਲਸ ਮੀਡੀਆ ਸੈਂਟਰ ਕੇਰਲ ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, 'ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਸਾਵਧਾਨੀ ਦੀ ਜਰੂਰਤ ਹੈ...ਚਲੋ ਇੱਕਠੇ ਕੰਮ ਕਰਦੇ ਹਾਂ। ਕੇਰਲ ਪੁਲਸ ਸਾਡੇ ਨਾਲ ਹੈ। ''
ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ’ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਵਧ ਕੇ 147 ਹੋ ਗਈ ਹੈ। ਇਨ੍ਹਾਂ ’ਚੋਂ 14 ਮਰੀਜ਼ ਠੀਕ ਵੀ ਹੋਏ ਅਤੇ 3 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਕੁੱਲ 147 ਲੋਕਾਂ ’ਚ 123 ਭਾਰਤੀ ਅਤੇ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,994 ਤਕ ਪਹੁੰਚ ਗਈ ਹੈ ਅਤੇ 1 ਲੱਖ 99 ਹਜ਼ਾਰ ਹੁਣ ਤੱਕ ਪੁਸ਼ਟੀ ਕੀਤੇ ਗਏ ਮਾਮਲੇ ਹਨ।