ਕੇਰਲ 'ਚ ਭਾਜਪਾ ਦੇ CM ਉਮੀਦਵਾਰ ਹੋਣਗੇ ਮੈਟਰੋ ਮੈਨ ਸ਼੍ਰੀਧਰਨ
Thursday, Mar 04, 2021 - 04:04 PM (IST)
ਨਵੀਂ ਦਿੱਲੀ- ਕੇਰਲ ਵਿਧਾਨ ਸਭਾ ਚੋਣਾਂ 'ਚ ਮੈਟਰੋ ਮੈਨ ਦੇ ਨਾਂ ਨਾਲ ਮਸ਼ਹੂਰ ਈ ਸ਼੍ਰੀਧਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਕੇਰਲ ਭਾਜਪਾ ਦੇ ਮੁਖੀ ਕੇ. ਸੁਰੇਂਦਰਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਲ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋਣ ਤੋਂ ਪਹਿਲਾਂ ਈ. ਸ਼੍ਰੀਧਰ ਨੇ ਪਾਰਟੀ ਦਾ ਹੱਥ ਫੜਿਆ ਸੀ। ਮੈਟਰੋ ਮੈਨ ਈ ਸ਼੍ਰੀਧਰਨ ਦਾ ਭਾਜਪਾ 'ਚ ਸ਼ਾਮਲ ਹੋਣਾ ਕੇਰਲ ਚੋਣ ਦੇ ਲਿਹਾਜ ਨਾਲ ਪਾਰਟੀ ਦੀ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ। ਮੈਟਰੋ ਮੈਨ ਦੇ ਨਾਂ ਨਾਲ ਲੋਕਪ੍ਰਿਯ ਸ਼੍ਰੀਧਰਨ ਦਾ ਅਕਸ ਇਕ ਬੇਦਾਗ਼ ਨੌਕਰਸ਼ਾਹ ਦਾ ਰਿਹਾ ਹੈ।
ਮੁੱਖ ਟੀਚਾ ਪਾਰਟੀ ਨੂੰ ਸੱਤਾ 'ਚ ਲਿਆਉਣਾ
21 ਫਰਵਰੀ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਈ ਸ਼੍ਰੀਧਰਨ ਨੇ ਕਿਹਾ ਸੀ, ਮੇਰਾ ਮੁੱਖ ਟੀਚਾ ਪਾਰਟੀ ਨੂੰ ਕੇਰਲ 'ਚ ਸੱਤਾ 'ਚ ਲਿਆਉਣ 'ਚ ਮਦਦ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਜਿੱਤਦੀ ਹੈ ਤਾਂ ਉਹ ਸੂਬੇ ਦੇ ਮੁੱਖ ਮੰਤਰੀ ਬਣਨ ਲਈ ਤਿਆਰ ਰਹਿਣਗੇ ਅਤੇ ਜੇਕਰ ਉਨ੍ਹਾਂ ਨੂੰ ਇਹ ਅਹੁਦਾ ਮਿਲਦਾ ਹੈ ਤਾਂ ਉਨ੍ਹਾਂ ਦਾ ਜ਼ੋਰ ਸੂਬੇ 'ਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ 'ਤੇ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਦੀ ਹੈ ਤਾਂ ਪਾਰਟੀ ਦਾ ਧਿਆਨ ਸੂਬੇ 'ਚ ਵੱਡੇ ਪੱਧਰ 'ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਅਤੇ ਸੂਬੇ ਨੂੰ ਕਰਜ਼ ਦੇ ਜਾਲ ਤੋਂ ਮੁਕਤੀ ਦਿਵਾਉਣ 'ਤੇ ਹੋਵੇਗਾ।
ਇਹ ਵੀ ਪੜ੍ਹੋ : ‘ਮੈਟਰੋ ਮੈਨ ਸ਼੍ਰੀਧਰਨ ਦਾ ਸੀ. ਐੱਮ. ਬਣਨ ਦਾ ਸੁਪਨਾ’‘ਕੇਰਲ ਭਾਜਪਾ ’ਚ ਹੋਏ ਸ਼ਾਮਲ’
ਪੀ.ਐੱਮ. ਮੋਦੀ ਦੀ ਕੀਤੀ ਸੀ ਤਾਰੀਫ਼
ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਈ ਸ਼੍ਰੀਧਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਮੋਦੀ ਦੇਸ਼ ਦੇ ਸਭ ਤੋਂ ਯੋਗ ਨੇਤਾਵਾਂ 'ਚੋਂ ਇਕ ਹਨ ਅਤੇ ਉਨ੍ਹਾਂ ਦੇ ਹੱਥ 'ਚ ਦੇਸ਼ ਦਾ ਭਵਿੱਖ ਬਿਹਤਰ ਹੋ ਸਕਦਾ ਹੈ।
ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਮਿਲਿਆ ਸਨਮਾਨ
ਈ ਸ਼੍ਰੀਧਰਨ ਦਿੱਲੀ ਮੈਟਰੋ ਸਮੇਤ ਫਰੇਟ ਕੋਰੀਡੋਰ ਨੂੰ ਸਮੇਂ ਤੋਂ ਪਹਿਲਾਂ ਦੌੜਾਉਣ ਦੇ ਮਾਮਲੇ 'ਚ ਪ੍ਰਸਿੱਧੀ ਬਟੋਰ ਚੁਕੇ ਹਨ। ਈ ਸ਼੍ਰੀਧਰਨ ਨੂੰ ਸਾਲ 2001 'ਚ ਪਦਮ ਸ਼੍ਰੀ ਅਤੇ ਸਾਲ 2008 'ਚ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਇੰਨਾ ਹੀ ਨਹੀਂ ਫਰਾਂਸ ਸਰਕਾਰ ਵੀ ਈ ਸ਼੍ਰੀਧਰਨ ਨੂੰ ਸਾਲ 2005 'ਚ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਤ ਕਰ ਚੁਕੀ ਹੈ। ਉੱਥੇ ਹੀ ਅਮਰੀਕਾ ਦੀ ਵਿਸ਼ਵ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਸ਼੍ਰੀਧਰਨ ਨੂੰ ਏਸ਼ੀਆ ਹੀਰੋ ਦੇ ਟਾਈਟਲ ਨਾਲ ਨਵਾਜਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ