ਆਖ਼ਿਰ ਕੀ ਹੈ ਕੇਜਰੀਵਾਲ ਦੀ ਸਿੱਖਿਆ ਕ੍ਰਾਂਤੀ?
Thursday, Jan 09, 2025 - 04:02 PM (IST)
ਨਵੀਂ ਦਿੱਲੀ- ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਪਰ ਅਕਸਰ ਇਹ ਸਿਆਸਤ ਵਿਚ ਤਰਜੀਹ ਨਹੀਂ ਬਣ ਪਾਉਂਦੀ। ਇਕ ਦਹਾਕਾ ਪਹਿਲਾਂ ਦਿੱਲੀ 'ਚ ਇਕ ਸਰਕਾਰ ਸੱਤਾ 'ਚ ਆਈ, ਜਿਸ ਨੇ ਸਿੱਖਿਆ ਨੂੰ ਆਪਣਾ ਕੇਂਦਰ ਬਿੰਦੂ ਬਣਾਇਆ ਸੀ। ਅੱਜ ਇਸ ਦਾ ਪ੍ਰਭਾਵ ਸਿਰਫ਼ ਅੰਕੜਿਆਂ 'ਚ ਹੀ ਨਹੀਂ ਸਗੋਂ ਹਰ ਦਿੱਲੀ ਵਾਸੀ ਦੀ ਜ਼ਿੰਦਗੀ 'ਚ ਦੇਖਿਆ ਜਾ ਸਕਦਾ ਹੈ। ਦਿੱਲੀ ਦੇ ਸਰਕਾਰੀ ਸਕੂਲ, ਜੋ ਕਦੇ ਕਮਜ਼ੋਰ ਬੁਨਿਆਦੀ ਢਾਂਚੇ ਅਤੇ ਮਾੜੀ ਗੁਣਵੱਤਾ ਲਈ ਜਾਣੇ ਜਾਂਦੇ ਸਨ, ਹੁਣ ਦੁਨੀਆ ਭਰ 'ਚ ਮਿਸਾਲ ਬਣ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ ਦੀ ਸਿੱਖਿਆ ਪ੍ਰਣਾਲੀ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਹੁਣ ‘ਸਿੱਖਿਆ ਕ੍ਰਾਂਤੀ’ ਵਜੋਂ ਜਾਣਿਆ ਜਾਂਦਾ ਹੈ।
ਸਿੱਖਿਆ ਲਈ ਬਜਟ ਦਾ ਵੱਡਾ ਹਿੱਸਾ
ਸਿੱਖਿਆ ਨੂੰ ਪਹਿਲੀ ਤਰਜੀਹ ਦਿੰਦੇ ਹੋਏ ਦਿੱਲੀ ਸਰਕਾਰ ਨੇ ਆਪਣੇ ਬਜਟ ਦਾ 25 ਫ਼ੀਸਦੀ ਹਿੱਸਾ ਇਸ ਖੇਤਰ ਨੂੰ ਅਲਾਟ ਕੀਤਾ। ਇਹ ਯਕੀਨੀ ਬਣਾਇਆ ਗਿਆ ਕਿ ਨਾ ਸਿਰਫ਼ ਸਕੂਲਾਂ ਦਾ ਬੁਨਿਆਦੀ ਢਾਂਚਾ ਸੁਧਰੇ, ਸਗੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਵਧੀਆ ਸਾਧਨ ਮਿਲੇ।
ਸਕੂਲਾਂ ਦੀ ਬਦਲੀ ਨੁਹਾਰ
-22,711 ਨਵੇਂ ਕਲਾਸਰੂਮ ਬਣਾਏ ਗਏ ਸਨ ਅਤੇ 1,541 ਇਸ ਵੇਲੇ ਨਿਰਮਾਣ ਅਧੀਨ ਹਨ।
-54 ਸਕੂਲਾਂ ਨੂੰ ਸਮਾਰਟ ਕਲਾਸਰੂਮ, ਅਤਿ-ਆਧੁਨਿਕ ਲੈਬਾਂ ਅਤੇ ਅੱਗ ਬੁਝਾਊ ਯੰਤਰਾਂ ਵਰਗੀਆਂ ਸਹੂਲਤਾਂ ਵਾਲੇ ਮਾਡਲ ਸਕੂਲਾਂ 'ਚ ਤਬਦੀਲ ਕੀਤਾ ਗਿਆ।
ਦਿਵਿਯਾਂਗ ਵਿਦਿਆਰਥੀਆਂ ਲਈ ਲਿਫਟਾਂ ਅਤੇ ਹੋਰ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ।
ਖੇਡਾਂ ਅਤੇ ਸਰਬਪੱਖੀ ਵਿਕਾਸ
ਸਰਕਾਰੀ ਸਕੂਲਾਂ 'ਚ ਖੇਡਾਂ ਦੀਆਂ ਸਹੂਲਤਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਨਵੇਂ ਆਡੀਟੋਰੀਅਮ ਅਤੇ ਖੇਡ ਮੈਦਾਨ ਬਣਾਏ ਗਏ ਤਾਂ ਜੋ ਵਿਦਿਆਰਥੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਸੰਤੁਲਿਤ ਹੋ ਸਕੇ।
ਵਿਸ਼ੇਸ਼ ਉੱਤਮਤਾ ਦੇ ਸਕੂਲ (SOSE)
ਦਿੱਲੀ ਵਿਚ ਵਿਸ਼ੇਸ਼ ਉੱਤਮਤਾ ਦੇ 38 ਸਕੂਲ ਸਥਾਪਿਤ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਦੇ ਹਨ।
ਅਧਿਆਪਕਾਂ ਦੀ ਭੂਮਿਕਾ ਅਤੇ ਨਿਯੁਕਤੀਆਂ
2014 ਤਕ ਦਿੱਲੀ 'ਚ 34,182 ਰੈਗੂਲਰ ਅਧਿਆਪਕ ਸਨ। ਅੱਜ ਇਹ ਗਿਣਤੀ 47,914 ਹੋ ਚੁੱਕੀ ਹੈ ਅਤੇ 8,000 ਨਵੀਆਂ ਨਿਯੁਕਤੀਆਂ ਪ੍ਰਕਿਰਿਆ ਅਧੀਨ ਹਨ। ਅਧਿਆਪਕਾਂ ਨੂੰ ਕੌਮਾਂਤਰੀ ਪੱਧਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਵਿਦਿਆਰਥੀਆਂ ਨੂੰ ਵਧੀਆ ਸੇਧ ਦੇ ਸਕਣ।
ਉੱਚ ਸਿੱਖਿਆ 'ਚ ਨਵੇਂ ਪਹਿਲੂ
-ਤਿੰਨ ਨਵੀਆਂ ਯੂਨੀਵਰਸਿਟੀਆਂ
-ਦਿੱਲੀ ਟੀਚਰਜ਼ ਯੂਨੀਵਰਸਿਟੀ, ਦਿੱਲੀ ਸਪੋਰਟਸ ਯੂਨੀਵਰਸਿਟੀ, ਅਤੇ ਦਿੱਲੀ ਹੁਨਰ ਅਤੇ ਉੱਦਮਤਾ ਯੂਨੀਵਰਸਿਟੀ।
-ਅੰਬੇਡਕਰ ਯੂਨੀਵਰਸਿਟੀ ਅਤੇ ਆਈਪੀ ਯੂਨੀਵਰਸਿਟੀ ਦੇ ਨਵੇਂ ਕੈਂਪਸ।
-ਤਕਨੀਕੀ ਸਿੱਖਿਆ ਵਿੱਚ 50,000 ਸੀਟਾਂ ਦਾ ਵਾਧਾ।
-ITI ਸ਼ਾਹਦਰਾ: ਨਵੇਂ ਅਕਾਦਮਿਕ ਬਲਾਕ ਵਿੱਚ 10,000 ਸੀਟਾਂ ਵਧਾਈਆਂ ਜਾ ਰਹੀਆਂ ਹਨ।
-ਸਿੱਖਿਆ ਬਜਟ: 2.5 ਗੁਣਾ ਤੋਂ ਵੱਧ ਵਾਧਾ, 2014-15 ਵਿੱਚ 6,554 ਕਰੋੜ ਤੋਂ 2024-25 'ਚ 16,396 ਕਰੋੜ ਹੋ ਗਿਆ।
'ਹੈਪੀਨੈੱਸ ਕਲਾਸ'
ਦਿੱਲੀ ਦੇ ਸਰਕਾਰੀ ਸਕੂਲਾਂ 'ਚ ‘ਹੈਪੀਨੈੱਸ ਕਲਾਸ’ ਅਤੇ ‘ਦੇਸ਼ ਭਗਤੀ ਪਾਠਕ੍ਰਮ’ ਵਰਗੇ ਨਵੀਨਤਾਕਾਰੀ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਧਾਰਨਾ ਨੂੰ ਬਦਲ ਦਿੱਤਾ ਹੈ। ਬੱਚਿਆਂ ਦੀ ਮਾਨਸਿਕ ਸਿਹਤ ਅਤੇ ਸਮਾਜਿਕ ਕਦਰਾਂ-ਕੀਮਤਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਗਰੀਬ ਤੋਂ ਗਰੀਬ ਬੱਚਿਆਂ ਲਈ ਸੁਨਹਿਰੀ ਮੌਕਾ
ਸਰਕਾਰੀ ਸਕੂਲਾਂ ਦਾ ਮਿਆਰ ਇੰਨਾ ਵੱਧ ਗਿਆ ਹੈ ਕਿ ਹੁਣ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਨ। 4-ਮੰਜ਼ਲਾ ਆਧੁਨਿਕ ਸਕੂਲ ਦੀਆਂ ਇਮਾਰਤਾਂ ਹੁਣ ਵਿਦਿਆਰਥੀਆਂ ਦੀ ਸਫਲਤਾ ਦੀਆਂ ਨਵੀਆਂ ਕਹਾਣੀਆਂ ਲਿਖ ਰਹੀਆਂ ਹਨ।
ਨਤੀਜਾ: IIT, NEET 'ਚ ਸਫਲਤਾ
ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ IIT ਅਤੇ NEET ਵਰਗੀਆਂ ਮੁਸ਼ਕਲ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਅਰਵਿੰਦ ਕੇਜਰੀਵਾਲ ਜੋ ਕਿ ਖੁਦ IIT ਗ੍ਰੈਜੂਏਟ ਹਨ, ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਨੀਤੀਆਂ ਅਤੇ ਨਿਵੇਸ਼ ਨਾਲ ਸਰਕਾਰੀ ਸਕੂਲ ਤੋਂ ਵੀ ਵਧੀਆ ਹੁਨਰ ਨਿਕਲ ਸਕਦਾ ਹੈ।
ਸਿੱਖਿਆ ਕ੍ਰਾਂਤੀ ਦਾ ਅਸਰ
ਦਿੱਲੀ ਦੀ ਸਿੱਖਿਆ ਕ੍ਰਾਂਤੀ ਨੇ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਸਮੁੱਚੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੋ ਸਕਦੇ ਹਨ। ਇਹ ਬਦਲਾਅ ਦਿੱਲੀ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਮਾਡਲ ਬਣ ਗਿਆ ਹੈ। 10 ਸਾਲ ਪਹਿਲਾਂ ਦੇਖਿਆ ਗਿਆ ਸੁਪਨਾ ਅੱਜ ਹਰ ਵਿਦਿਆਰਥੀ ਦੇ ਭਵਿੱਖ ਵਿਚ ਸਾਫ਼ ਝਲਕਦਾ ਹੈ। ਇਹ ਦਿੱਲੀ ਦੀ 'ਸਿੱਖਿਆ ਕ੍ਰਾਂਤੀ' ਹੈ।