ਕੇਜਰੀਵਾਲ ਨੇ ਸੁਣਾਈ ‘ਚੌਥੀ ਪਾਸ ਰਾਜਾ’ ਦੀ ਕਹਾਣੀ, PM ਨੂੰ ਘੇਰਿਆ

04/18/2023 10:50:53 AM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਨੋਟਬੰਦੀ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਕੇਜਰੀਵਾਲ ਨੇ ਸੋਮਵਾਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਨ ਲਈ ਚੌਥੇ ਪਾਸ ਰਾਜੇ ਦੀ ਕਹਾਣੀ ਸੁਣਾਈ। ਉਨ੍ਹਾਂ ਕਿਹਾ ਕਿ ਰਾਜਾ ਨੇ ਆਪਣੇ ਦੋਸਤ ਨਾਲ ਮਿਲ ਕੇ ਦੇਸ਼ ਨੂੰ ਖੂਬ ਲੁੱਟਿਆ। ਉਸ ਨੇ ਸਰਕਾਰੀ ਠੇਕੇ ਆਪਣੇ ਦੋਸਤ ਨੂੰ ਦੇ ਦਿੱਤੇ। ਦੇਸ਼ ਦੇ ਬੈਂਕਾਂ ਨੂੰ ਸਭ ਤੋਂ ਪਹਿਲਾਂ ਲੁੱਟਿਆ ਗਿਆ। ਇਨ੍ਹਾਂ ਸਭ ਕਾਰਨ ਦੇਸ਼ ’ਚ ਭਾਰੀ ਮਹਿੰਗਾਈ ਆ ਗਈ ਹੈ। ਮਹਿੰਗਾਈ ਤੋਂ ਦੁਖੀ ਹੋ ਕੇ ਜਦੋਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਤਾਂ ਰਾਜਾ ਨੇ ਕਿਹਾ ਕਿ ਜੋ ਵੀ ਉਨ੍ਹਾਂ ਖ਼ਿਲਾਫ਼ ਬੋਲੇਗਾ, ਉਸ ਨੂੰ ਜੇਲ੍ਹ ’ਚ ਡੱਕ ਦਿੱਤਾ ਜਾਵੇਗਾ। ਰਾਜਾ ਨੇ ਇਕ-ਇਕ ਕਰ ਕੇ ਸਾਰਿਆਂ ਨੂੰ ਜੇਲ੍ਹ ’ਚ ਬੰਦ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਫਰਜ਼ੀ ਡਿਗਰੀ ਮਾਮਲੇ ’ਚ ਪ੍ਰਧਾਨ ਮੰਤਰੀ ’ਤੇ ਵਿਅੰਗ ਕਰਦਿਆਂ ਕਿਹਾ ਕਿ ਚੌਥੀ ਪਾਸ ਰਾਜਾ ਨੇ ਐੱਮ. ਏ. ਦੀ ਫਰਜ਼ੀ ਡਿਗਰੀ ਬਣਵਾਈ, ਜਦੋਂ ਆਰ. ਟੀ. ਆਈ. ਰਾਹੀਂ ਇਸ ਬਾਰੇ ਜਾਣਕਾਰੀ ਮੰਗੀ ਗਈ ਤਾਂ ਉਸ ਨੇ ਲੋਕਾਂ ’ਤੇ 25-25 ਹਜ਼ਾਰ ਰੁਪਏ ਦਾ ਜੁਰਮਾਨਾ ਲੱਗਾ ਦਿੱਤਾ। ਮੁੱਖ ਮੰਤਰੀ ਨੇ ਚੌਥੀ ਪਾਸ ਰਾਜਾ ਦੀ ਤੁਲਨਾ ਮੁਹੰਮਦ ਬਿਨ ਤੁਗਲਕ ਨਾਲ ਕੀਤੀ ਜੋ ਆਪਣੇ ਸਮੇਂ ’ਚ ਉਲਟੇ ਸਿੱਧੇ ਫੈਸਲੇ ਲੈਣ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਕਿਵੇਂ ਇਕ ਦਿਨ ਰਾਤ ਨੂੰ 8 ਵਜੇ ਰਾਜੇ ਨੇ ਸਾਰੇ ਚੱਲਦੇ ਹੋਏ ਨੋਟਾਂ ਨੂੰ ਬੰਦ ਕਰ ਦਿੱਤਾ। ਇਸ ਘਟਨਾ ਨਾਲ ਪੂਰੇ ਦੇਸ਼ ’ਚ ਹਾਹਾਕਾਰ ਮਚ ਗਈ। ਇੱਥੋਂ ਤੱਕ ਕਿ ਲੋਕਾਂ ਦੇ ਕਾਰੋਬਾਰ ਵੀ ਤਬਾਹ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੇ ਕਾਨੂੰਨਾਂ ਦਾ ਵੀ ਜ਼ਿਕਰ ਕੀਤਾ। ਰਾਜੇ ਦੀ ਮੂਰਖਤਾ ਕਾਰਨ 3 ਕਾਲੇ ਕਾਨੂੰਨ ਪਾਸ ਕਰ ਦਿੱਤੇ। ਇਸ ਕਾਰਨ ਪੂਰੇ ਦੇਸ਼ ਦੇ ਕਿਸਾਨ ਸੜਕਾਂ ’ਤੇ ਉਤਰ ਆਏ। ਕੇਜਰੀਵਾਲ ਨੇ ਖੁਦ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਚੌਥੀ ਪਾਸ ਰਾਜੇ ਦੇ ਦੇਸ਼ ’ਚ ਇਕ ਛੋਟੇ ਜਿਹੇ ਸੂਬੇ ਦਾ ਮੁੱਖ ਮੰਤਰੀ ਸੀ, ਜੋ ਲੋਕਾਂ ਲਈ ਕੰਮ ਕਰਦਾ ਸੀ ਅਤੇ ਕੱਟੜ ਈਮਾਨਦਾਰ ਸੀ। ਉਹ ਦੇਸ਼ ਭਗਤ ਅਤੇ ਪੜ੍ਹਿਆ-ਲਿਖਿਆ ਮੁੱਖ ਮੰਤਰੀ ਸੀ।


DIsha

Content Editor

Related News