ਕੇਜਰੀਵਾਲ ਸਰਕਾਰ ਦਾ ਐਲਾਨ, 1 ਕਰੋੜ ਲੋਕਾਂ ਨੂੰ ਦਿੱਤਾ ਜਾਵੇਗਾ ਮੁਫਤ ਰਾਸ਼ਨ
Tuesday, Apr 21, 2020 - 07:53 PM (IST)

ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਦਿੱਲੀ ’ਚ ਰਹਿ ਰਹੇ ਲੋਕਾਂ ਨੂੰ ਖਾਣੇ ਦੀ ਕੋਈ ਦਿੱਕਤ ਨਾ ਹੋਵੇ, ਇਸ ਲਈ ਅਸੀਂ ਫੂਡ ਸਕਿਓਰਿਟੀ ਦੀ ਵਿਵਸਥਾ ਕੀਤੀ ਹੈ। ਫੂਡ ਸਿਕਿਓਰਿਟੀ ਤਹਿਤ ਦਿੱਲੀ ’ਚ ਹੁਣ 1 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਰਹੀ ਹੈ, ਉਨ੍ਹਾਂ ’ਚੋਂ 80 ਫੀਸਦੀ ਲੋਕਾਂ ਦੀ ਉਮਰ 50 ਤੋਂ ਉੱਪਰ ਸੀ। ਇਸ ਲਈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਘਰ ਦੇ ਬਜ਼ੁਰਗਾਂ ਦਾ ਖਿਆਲ ਰੱਖੋ। ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰੋ ਅਤੇ ਹਰ ਹਾਲ ’ਚ ਸੋਸ਼ਲ ਡਿਸਟੈਂਸਿੰਗ ਬਣਾਏ ਰੱਖੋ। ਸੋਸ਼ਲ ਡਿਸਟੈਂਸਿੰਗ ਨਾਲ ਹੀ ਇਸ ਜਾਨਲੇਵਾ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਪੱਤਰਕਾਰਾਂ ਦਾ ਹੋਵੇਗਾ ਮੁਫਤ ਕੋਰੋਨਾ ਟੈਸਟ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ’ਚ ਕਈ ਥਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਕਈ ਪੱਤਰਕਾਰ ਵੀ ਕੋਰੋਨਾ ਤੋਂ ਪੀੜਤ ਹੋ ਗਏ ਹਨ। ਕੋਰੋਨਾ ਸੰਕਟ ’ਚ ਪੱਤਰਕਾਰ ਇਸ ਸਮੇਂ ਫਰੰਟਲਾਈਨ ’ਤੇ ਕੰਮ ਕਰ ਰਹੇ ਹਨ। ਇਸ ਲਈ ਅਸੀਂ ਪੱਤਰਕਾਰ ਸਾਥੀਆਂ ਲਈ ਇਕ ਅਲੱਗ ਸੈਂਟਰ ਬਣਾਇਆ ਹੈ, ਜਿਥੇ ਹਰ ਪੱਤਰਕਾਰ ਸਾਥੀ ਆਪਣਾ ਮੁਫਤ ਕੋਰੋਨਾ ਟੈਸਟ ਕਰਵਾ ਸਕਦਾ ਹੈ।