ਕੇਜਰੀਵਾਲ ਨੇ 8 ਸਾਲਾਂ ''ਚ ਇੰਨਾ ਕੰਮ ਕੀਤਾ, ਜਿੰਨਾ ਭਾਜਪਾ ਸਰਕਾਰਾਂ 20 ਸਾਲਾਂ ''ਚ ਨਹੀਂ ਕਰ ਸਕੀਆਂ : ਸਿਸੋਦੀਆ
Monday, Aug 19, 2024 - 05:58 AM (IST)
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਸ ਲਈ ਦਿੱਕਤ ਹੈ, ਕਿਉਂਕਿ ਉਨ੍ਹਾਂ 8 ਸਾਲਾਂ ਵਿਚ ਇੰਨਾ ਕੰਮ ਕਰ ਦਿੱਤਾ ਹੈ, ਜਿੰਨਾ ਉਨ੍ਹਾਂ ਦੀਆਂ ਸਰਕਾਰਾਂ 20 ਸਾਲਾਂ ਵਿਚ ਨਹੀਂ ਕਰ ਸਕੀਆਂ। ਦੇਵਲੀ ਵਿਧਾਨ ਸਭਾ ਹਲਕੇ ਵਿਚ ਪੈਦਲ ਯਾਤਰਾ ਦੌਰਾਨ ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਪੂਰੇ ਦੇਸ਼ ਵਿਚ ਹਰਮਨ-ਪਿਆਰੇ ਹਨ, ਕਿਉਂਕਿ ਉਨ੍ਹਾਂ ਨੇ ਸਕੂਲ ਬਣਵਾਏ ਹਨ।
ਸਿਸੋਦੀਆ ਨੇ ਕਿਹਾ, ''ਅਰਵਿੰਦ ਕੇਜਰੀਵਾਲ ਇਕੱਲੇ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਬਿਜਲੀ ਦੇ ਬਿੱਲ ਮੁਆਫ ਕੀਤੇ ਹਨ, ਜਦਕਿ ਬਾਕੀ ਦੁਨੀਆ ਅਤੇ ਦੇਸ਼ 'ਚ ਬਿਜਲੀ ਮਹਿੰਗੀ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਇਲਾਜ ਦੀ ਵਿਵਸਥਾ ਕੀਤੀ।'' ਉਨ੍ਹਾਂ ਦਿੱਲੀ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੀ ਜ਼ਿਕਰ ਕੀਤਾ।
ਸਿਸੋਦੀਆ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਦੀ ਸਮੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ 7-8 ਸਾਲਾਂ ਵਿਚ ਇੰਨੇ ਕੰਮ ਕੀਤੇ ਹਨ, ਜੋ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਆਪਣੇ 20 ਸਾਲਾਂ ਦੇ ਸ਼ਾਸਨ ਵਿਚ ਵੀ ਨਹੀਂ ਕਰ ਸਕੇ। ਦੇਸ਼ ਦਾ ਇਕ ਵੀ ਸੂਬਾ ਅਜਿਹਾ ਨਹੀਂ ਹੈ ਜਿੱਥੇ ਉਸ ਨੇ ਬਿਜਲੀ ਦਾ ਬਿੱਲ ‘ਜ਼ੀਰੋ’ ਕੀਤਾ ਹੋਵੇ ਜਾਂ ਸਰਕਾਰੀ ਸਕੂਲਾਂ ਵਿਚ ਸੁਧਾਰ ਕੀਤਾ ਹੋਵੇ। ਇਸੇ ਲਈ ਇਹ ਲੋਕ ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ, ਤਾਂ ਹੀ ਉਨ੍ਹਾਂ ਨੇ ਕੇਜਰੀਵਾਲ ਨੂੰ ਜੇਲ੍ਹ ਵਿਚ ਡੱਕ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8