11 ਸਾਲਾਂ ''ਚ PM ਮੋਦੀ ਨੇ 72 ਦੇਸ਼ਾਂ ਦੇ 151 ਦੌਰੇ ਕੀਤੇ, ਫਿਰ ਵੀ ਭਾਰਤ ਇਕੱਲਾ ਕਿਉਂ : ਖੜਗੇ
Wednesday, May 21, 2025 - 12:09 PM (IST)

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀਆਂ ਲਗਾਤਾਰ ਅੰਤਰਰਾਸ਼ਟਰੀ ਯਾਤਰਾਵਾਂ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕਿਆ। ਖੜਗੇ ਨੇ ਦੋਸ਼ ਲਗਾਇਆ ਕਿ ਮੋਦੀ ਨੇ 11 ਸਾਲਾਂ 'ਚ 72 ਦੇਸ਼ਾਂ ਦੇ 151 ਵਿਦੇਸ਼ੀ ਦੌਰੇ ਕੀਤੇ, ਜਿਨ੍ਹਾਂ 'ਚ 10 ਵਾਰ ਅਮਰੀਕਾ ਜਾਣਾ ਵੀ ਸ਼ਾਮਲ ਹੈ ਪਰ ਇਸ ਦੇ ਬਾਵਜੂਦ ਭਾਰਤ ਨੂੰ ਇਨ੍ਹਾਂ ਦੌਰਿਆਂ ਦਾ ਕੋਈ ਲਾਭ ਨਹੀਂ ਮਿਲਿਆ। ਖੜਗੇ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਪੀ.ਐੱਮ. ਮੋਦੀ ਪਿਛਲੇ 11 ਸਾਲਾਂ ਤੋਂ ਲਗਾਤਾਰ ਵਿਦੇਸ਼ ਯਾਤਰਾਵਾਂ ਕਰ ਰਹੇ ਹਨ ਪਰ ਸਾਡਾ ਭਾਰਤ ਹੁਣ ਇਕੱਲਾ ਪੈ ਗਿਆ ਹੈ! ਪਿਛਲੇ 11 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਨੇ 151 ਵਿਦੇਸ਼ ਯਾਤਰਾਵਾਂ ਕੀਤੀਆਂ ਹਨ ਅਤੇ 72 ਦੇਸ਼ਾਂ ਦਾ ਦੌਰਾ ਕੀਤਾ ਹੈ। ਇਨ੍ਹਾਂ 'ਚੋਂ 10 ਵਾਰ ਉਨ੍ਹਾਂ ਨੇ ਅਮਰੀਕਾ ਦਾ ਦੌਰਾ ਕੀਤਾ ਹੈ। ਫਿਰ ਵੀ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੇ ਅਧੀਨ ਸਾਡਾ ਦੇਸ਼ ਇਕੱਲਾ ਖੜ੍ਹਾ ਹੈ। ਕੀ ਪ੍ਰਧਾਨ ਮੰਤਰੀ ਦਾ ਕੰਮ ਵਿਦੇਸ਼ ਯਾਤਰਾਵਾਂ ਕਰਨਾ ਅਤੇ ਸਿਰਫ਼ ਫੋਟੋ ਖਿੱਚਵਾਉਣਾ ਹੈ?''
ਖੜਗੇ ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਵਲੋਂ ਪਾਕਿਸਤਾਨ ਨੂੰ ਦਿੱਤੇ ਗਏ 1.4 ਬਿਲੀਅਨ ਅਮਰੀਕੀ ਡਾਲਰ ਦੇ ਕਰਜ਼ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਅਚਾਨਕ ਜੰਗਬੰਦੀ ਦੇ ਐਲਾਨ ਨੂੰ ਭਾਰਤ ਦੇ ਘਟਦੇ ਪ੍ਰਭਾਵ ਦੇ ਉਦਾਹਰਣ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ ਆਪਣੀ ਪੋਸਟ 'ਚ ਕਿਹਾ,''ਇਸ ਤੋਂ ਇਲਾਵਾ ਆਈਐੱਮਐੱਫ ਨੇ ਪਾਕਿਸਤਾਨ ਨੂੰ 1.4 ਬਿਲੀਅਨ ਅਮਰੀਕੀ ਡਾਲਰ ਦਾ ਕਰਜ਼ ਦੇ ਕੇ ਮਦਦ ਪ੍ਰਦਾਨ ਕੀਤੀ ਹੈ। ਜਦੋਂ ਸਾਡੀ ਬਹਾਦਰ ਫ਼ੌਜ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਸੀ, ਉਦੋਂ ਅਚਾਨਕ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e