ਦਿੱਲੀ ਦੇ ਸਰਕਾਰੀ ਟੀਚਰਾਂ ਨੂੰ ਫਿਨਲੈਂਡ ਭੇਜਣ ਦੀ ਮਨਜ਼ੂਰੀ ਲਈ ਕੇਜਰੀਵਾਲ ਨੇ ਉੱਪ ਰਾਜਪਾਲ ਨੂੰ ਮੁੜ ਕੀਤੀ ਅਪੀਲ

Saturday, Feb 04, 2023 - 04:57 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਅਧਿਆਪਕਾਂ ਨੂੰ ਇਕ ਸਿਖਲਾਈ ਪ੍ਰੋਗਰਾਮ ਲਈ ਫਿਨਲੈਂਡ ਜਾਣ ਦੀ ਮਨਜ਼ੂਰੀ ਦੇਣ ਲਈ ਉੱਪ ਰਾਜਪਾਲ ਵੀਕੇ ਸਕਸੈਨਾ ਨੂੰ ਇਕ ਵਾਰ ਮੁੜ ਅਪੀਲ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਸ਼ੇਵਰ ਸਿਖਲਾਈ ਲਈ ਸਿੰਗਾਪੁਰ ਦੀ ਯਾਤਰਾ ਲਈ ਸੂਬਾ ਸਰਕਾਰ ਦੇ 36 ਸਕੂਲਾਂ ਦੇ ਪ੍ਰਿੰਸੀਪਲਾਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਤੁਰੰਤ ਬਾਅਦ ਕੇਜਰੀਵਾਲ ਨੇ ਇਕ ਟਵੀਟ ਦੇ ਮਾਧਿਅਮ ਨਾਲ ਇਹ ਅਪੀਲ ਕੀਤੀ।

PunjabKesari

ਕੇਜਰੀਵਾਲ ਨੇ ਟਵੀਟ ਕੀਤਾ,''ਪੰਜਾਬ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਜੱਥਾ ਅੱਜ ਸਿਖਲਾਈ ਲਈ ਸਿੰਗਾਪੁਰ ਰਵਾਨਾ ਹੋ ਗਿਆ ਹੈ। ਇਹ ਪੰਜਾਬ ਦੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਹੈ। ਉੱਪ ਰਾਜਪਾਲ ਸਾਹਿਬ ਤੋਂ ਮੇਰੀ ਬੇਨਤੀ ਹੈ, ਦਿੱਲੀ ਦੇ ਅਧਿਆਪਕਾਂ ਨੂੰ ਵੀ ਸਿਖਲਾਈ ਲਈ ਫਿਨਲੈਂਡ ਜਾਣ ਦਿਓ। ਦਿੱਲੀ ਦੇ ਅਧਿਆਪਕਾਂ ਅਤੇ ਬੱਚਿਆਂ ਤੋਂ ਤੁਸੀਂ ਇੰਨੀ ਨਫ਼ਰਤ ਕਿਉਂ ਕਰਦੇ ਹੋ?'' ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਪੰਜਾਬ 'ਚ ਸੱਤਾ 'ਚ ਹੈ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 12 ਜਨਵਰੀ ਨੂੰ ਦੋਸ਼ ਲਗਾਇਆ ਸੀ ਕਿ ਉੱਪ ਰਾਜਪਾਲ ਨੇ ਸਕੂਲੀ ਅਧਿਆਪਕਾਂ ਨੂੰ ਸਿਖਲਾਈ ਹਾਸਲ ਕਰਨ ਲਈ ਫਿਨਲੈਂਡ ਜਾਣ ਤੋਂ ਰੋਕ ਦਿੱਤਾ ਸੀ, ਜਿਸ ਨਾਲ ਦਿੱਲੀ ਸਰਕਾਰ ਅਤੇ ਸਕਸੈਨਾ ਦਰਮਿਆਨ ਜਾਰੀ ਟਕਰਾਅ 'ਚ ਇਕ ਨਵਾਂ ਮੋੜ ਆ ਗਿਆ ਸੀ। ਸਿਸੋਦੀਆ ਕੋਲ ਸਿੱਖਿਆ ਵਿਭਾਗ ਵੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ 'ਆਪ' ਦੀ ਅਗਵਾਈ ਵਾਲੀ ਸਰਕਾਰ ਨੇ ਸਿਖਲਾਈ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਸੀ ਅਤੇ ਇਸ ਨੂੰ ਉੱਪ ਰਾਜਪਾਲ ਕੋਲ ਭੇਜਿਆ ਗਿਆ ਸੀ, ਜਿਨ੍ਹਾਂ ਨੇ ਇਸ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਸੀ ਕਿ ਸਿਖਲਾਈ ਦੇਸ਼ 'ਚ ਹੀ ਦਿੱਤੀ ਜਾ ਸਕਦੀ ਹੈ। ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਉਦੋਂ ਤੋਂ ਉੱਪ ਰਾਜਪਾਲ ਤੋਂ ਅਧਿਆਪਕਾਂ ਦੇ ਫਿਨਲੈਂਡ ਦੌਰੇ 'ਤੇ ਮਨਜ਼ੂਰੀ ਮੰਗ ਰਹੀ ਹੈ।


DIsha

Content Editor

Related News