ਕੇਦਾਰਨਾਥ ਮੰਦਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਹੈਲੀਕਾਪਟਰਾਂ ਦੇ ਰੌਲੇ ਨਾਲ ਗਲੇਸ਼ੀਅਰ ਕੰਬਿਆ ਤਾਂ ਖਤਰੇ 'ਚ ਮੰਦਰ
Sunday, May 21, 2023 - 04:40 PM (IST)
ਚਮੋਲੀ- 25 ਅਪ੍ਰੈਲ 2023 ਤੋਂ ਸ਼ੁਰੂ ਹੋਈ ਕੇਦਾਰਨਾਥ ਯਾਤਰਾ 14 ਨਵੰਬਰ 2023 ਤੱਕ ਚਲੇਗੀ। ਇਸ ਦੌਰਾਨ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੇ ਸਾਰੇ ਰਿਕਾਰਡ ਟੁੱਟਣਗੇ। ਇਸ ਦਰਮਿਆਨ ਕੇਦਾਰਨਾਥ ਮੰਦਰ ਲਈ ਇਕ ਵੱਡਾ ਖ਼ਤਰਾ ਵੀ ਮੰਡਰਾ ਰਿਹਾ ਹੈ।, ਉਹ ਹੈ ਹੈਲੀਕਾਪਟਰਾਂ ਦਾ ਰੌਲਾ-ਰੱਪਾ। ਰੌਲੇ ਨਾਲ ਘਾਟੀ 'ਚ ਤਰੇੜਾਂ ਅਤੇ ਹੈਲੀਕਾਪਟਰ ਦੇ ਧੂੰਏਂ ਦੇ ਕਾਰਬਨ ਨਾਲ ਪੂਰਾ ਇਲਾਕਾ ਖ਼ਤਰੇ ਦੀ ਜੱਦ ਵਿਚ ਹੈ। ਕੇਦਾਰਨਾਥ ਲਈ ਹੁਣ ਤੱਕ 9 ਹੈਲੀਪੈਡ ਬਣ ਗਏ ਹਨ।
ਦੱਸ ਦੇਈਏ ਕਿ ਅਸੀਂ ਭਗਵਾਨ ਤੱਕ ਪਹੁੰਚਣ ਲਈ ਇੰਨੇ ਸੌਖੇ ਅਤੇ ਗੈਰ-ਵਿਗਿਆਨਕ ਰਸਤੇ ਬਣਾ ਦਿੱਤੇ ਹਨ, ਜਿਸ ਕਾਰਨ ਹੁਣ ਭਗਵਾਨ ਹੀ ਮੁਸੀਬਤ ਵਿਚ ਹਨ। ਕੇਦਾਰਨਾਥ ਘਾਟੀ 'ਚ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਹੈਲੀਕਾਪਟਰ ਰੋਜ਼ਾਨਾ 250 ਤੋਂ ਵੱਧ ਰਾਊਂਡ ਲਾਉਂਦੇ ਹਨ। ਇਨ੍ਹਾਂ ਦਾ ਰੌਲਾ ਅਤੇ ਇਨ੍ਹਾਂ ਤੋਂ ਨਿਕਲਣ ਵਾਲੇ ਕਾਰਬਨ ਨੇ ਪੂਰੀ ਘਾਟੀ ਲਈ ਨਵਾਂ ਸੰਕਟ ਖੜ੍ਹਾ ਕਰ ਦਿੱਤਾ ਹੈ।
ਤੇਜ਼ੀ ਨਾਲ ਵਧ ਰਹੀ ਯਾਤਰੀਆਂ ਦੀ ਗਿਣਤੀ ਪਹਿਲਾਂ ਤੋਂ ਹੀ ਚਿੰਤਤ ਕਰਨ ਵਾਲੀ ਹੈ। ਇਸ ਤੋਂ ਇਲਾਵਾ ਹੈਲੀਕਾਪਟਰਾਂ ਦਾ ਰੌਲਾ ਅਤੇ ਇਨ੍ਹਾਂ ਦੀ ਵਧਦੀ ਗਿਣਤੀ ਕਿਸੇ ਵੱਡੇ ਸੰਕਟ ਦਾ ਰੂਪ ਨਾ ਲੈ ਲਵੇ, ਇਹ ਹੀ ਡਰ ਹੈ। ਕੇਦਾਰਨਾਥ ਯਾਤਰਾ 'ਚ ਪਹੁੰਚਣ ਵਾਲੇ ਲੋਕਾਂ ਲਈ 9 ਕੰਪਨੀਆਂ ਕੰਮ ਕਰ ਰਹੀਆਂ ਹਨ। ਜਲਦੀ ਫੇਰੇ ਪੂਰੇ ਕਰਨ ਅਤੇ ਫਿਊਲ ਬਚਾਉਣ ਦੇ ਚੱਕਰ 'ਚ ਹੈਲੀਕਾਪਟਰ 250 ਮੀਟਰ ਦੀ ਉੱਚਾਈ ਤੱਕ ਉਡਦੇ ਹਨ। ਆਵਾਜ਼ ਵੀ ਦੁੱਗਣੀ ਹੁੰਦੀ ਹੈ। 2013 ਵਿਚ ਅਸੀਂ ਕੁਦਰਤ ਦੀ ਤਾਕਤ ਨੂੰ ਨਾ ਸਮਝਣ ਦੀ ਭੁੱਲ ਕਰ ਚੁੱਕੇ ਹਾਂ। ਇਸ ਲਈ ਜ਼ਰੂਰੀ ਹੈ ਕਿ ਕੇਦਾਰਨਾਥ ਘਾਟੀ ਨੂੰ ਬਚਾਉਣ ਲਈ ਅਸੀਂ ਚੌਕਸ ਰਹੀਏ।