ਕੇਦਾਰਨਾਥ ਹੈਲੀਕਾਪਟਰ ਹਾਦਸੇ ''ਚ ਜਾਨ ਗੁਆਉਣ ਵਾਲੇ ਪਾਇਲਟ ਦਾ ਹੋਇਆ ਅੰਤਿਮ ਸੰਸਕਾਰ
Tuesday, Jun 17, 2025 - 11:32 AM (IST)

ਜੈਪੁਰ- ਕੇਦਾਰਨਾਥ ਹੈਲੀਕਾਪਟਰ ਹਾਦਸੇ 'ਚ ਜਾਨ ਗੁਆਉਣ ਵਾਲੇ ਪਾਇਲਟ ਸੇਵਾਮੁਕਤ ਲੈਫਟੀਨੈਂਟ ਕਰਨਲ ਰਾਜਵੀਰ ਸਿੰਘ ਚੌਹਾਨ ਦਾ ਮੰਗਲਵਾਰ ਨੂੰ ਜੈਪੁਰ 'ਚ ਅੰਤਿਮ ਸੰਸਕਾਰ ਕੀਤਾ ਗਿਆ। ਚੌਹਾਨ ਦੀ ਅੰਤਿਮ ਯਾਤਰਾ 'ਚ ਪਰਿਵਾਰ ਵਾਲੇ ਅਤੇ ਦੋਸਤਾਂ ਦੇ ਨਾਲ-ਨਾਲ ਵੱਡੀ ਗਿਣਤੀ 'ਚ ਅਧਿਕਾਰੀ ਅਤੇ ਸਥਾਨਕ ਲੋਕ ਸ਼ਾਮਲ ਹੋਏ। ਉਨ੍ਹਾਂ ਦੀ ਪਤਨੀ ਲੈਫਟੀਨੈਂਟ ਕਰਨਲ ਦੀਪਿਕਾ ਫ਼ੌਜ ਦੀ ਵਰਦੀ 'ਚ ਸੀ ਅਤੇ ਆਪਣੇ ਪਤੀ ਦੀ ਤਸਵੀਰ ਨੂੰ ਛਾਤੀ ਨਾਲ ਲਗਾਏ ਅੰਤਿਮ ਯਾਤਰਾ 'ਚ ਅੱਗੇ ਤੁਰ ਰਹੀ ਸੀ।
ਲੋਕਾਂ ਨੇ 'ਰਾਜਵੀਰ ਸਿੰਘ ਅਮਰ ਰਹੇ' ਦੇ ਨਾਅਰੇ ਲਗਾਏ। ਚੌਹਾਨ ਦੀ ਮ੍ਰਿਤਕ ਦੇਹ ਨੂੰ ਸ਼ਾਸਤਰੀ ਨਗਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਰੱਖਿਆ ਗਿਆ, ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੈਨਿਕ ਕਲਿਆਣ ਮੰਤਰੀ ਰਾਜਵਰਧਨ ਰਾਠੌੜ ਵੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਸ਼ਰਧਾਂਜਲੀ ਦਿੱਤੀ। ਚੌਹਾਨ ਨੇ 15 ਸਾਲ ਤੋਂ ਵੱਧ ਸਮੇਂ ਤੱਕ ਭਾਰਤੀ ਫ਼ੌਜ 'ਚ ਸੇਵਾ ਕੀਤੀ। ਉਹ ਅਕਤੂਬਰ 2024 ਤੋਂ ਆਰੀਅਨ ਏਵੀਏਸ਼ਨ 'ਚ ਪਾਇਲਟ ਵਜੋਂ ਕੰਮ ਕਰ ਰਹੇ ਸਨ। ਚੌਹਾਨ (37) ਉਸ ਬੇਲ-407 ਹੈਲੀਕਾਪਟਰ ਦੇ ਕੈਪਟਨ ਸਨ, ਜੋ ਐਤਵਾਰ ਸਵੇਰੇ ਉੱਤਰਾਖੰਡ ਦੇ ਗੌਰੀਕੁੰਡ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਉਨ੍ਹਾਂ ਤੋਂ ਇਲਾਵਾ 6 ਹੋਰ ਲੋਕਾਂ ਦੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8