ਲਗਾਤਾਰ 5ਵੇਂ ਦਿਨ ਕਟੜਾ ਬੰਦ, ਭਾਜਪਾ ਵਿਧਾਇਕ ਵਲੋਂ ਭੁੱਖ ਹੜਤਾਲ ਦੀ ਧਮਕੀ
Sunday, Dec 29, 2024 - 04:26 PM (IST)
ਰਿਆਸੀ/ਜੰਮੂ- ਜੰਮੂ-ਕਸ਼ਮੀਰ 'ਚ ਵੈਸ਼ਨੋ ਦੇਵੀ ਤੀਰਥ ਯਾਤਰਾ ਦੇ ਆਧਾਰ ਕੈਂਪ ਕਟੜਾ ਦੇ ਗੇਟ ਤ੍ਰਿਕੁਟ ਪਹਾੜੀਆਂ 'ਚ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਦੇ ਵਿਰੋਧ 'ਚ ਐਤਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਬੰਦ ਰਹੇ। ਇਸ ਦੌਰਾਨ ਭਾਜਪਾ ਵਿਧਾਇਕ ਬਲਦੇਵ ਰਾਜ ਸ਼ਰਮਾ ਨੇ ਧਮਕੀ ਦਿੱਤੀ ਕਿ ਜੇਕਰ 24 ਘੰਟਿਆਂ ਅੰਦਰ ਹਿਰਾਸਤ 'ਚ ਲਏ ਗਏ ਵਿਅਕਤੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ਕਰਨਗੇ। ਇਸ ਦਰਮਿਆਨ ਸ਼ਹਿਰ 'ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜ ਵਿਅਕਤੀਆਂ ਵੱਲੋਂ ਭੁੱਖ ਹੜਤਾਲ ਜਾਰੀ ਹੈ।
ਬੰਦ ਦਾ ਸੱਦਾ ਦੇਣ ਵਾਲੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਨੇ ਕਿਹਾ ਕਿ ਬੰਦ ਦੌਰਾਨ ਕਟੜਾ 'ਚ ਸਾਰੀਆਂ ਗਤੀਵਿਧੀਆਂ ਮੁਅੱਤਲ ਰਹਿਣਗੀਆਂ। ਕਮੇਟੀ ਵੱਲੋਂ ਬੰਦ ਦੇ ਸੱਦੇ ਤੋਂ ਬਾਅਦ ਕਟੜਾ 'ਚ ਲਗਾਤਾਰ ਪੰਜਵੇਂ ਦਿਨ ਦੁਕਾਨਾਂ, ਰੈਸਟੋਰੈਂਟ ਅਤੇ ਵਪਾਰਕ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਆਵਾਜਾਈ ਠੱਪ ਰਹੀ। ਬੁੱਧਵਾਰ ਨੂੰ ਸ਼ੁਰੂ ਹੋਏ ਬੰਦ ਨੇ ਕਟੜਾ 'ਚ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਵੈਸ਼ਨੋ ਦੇਵੀ ਗੁਫਾ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਪਿਛਲੇ ਮਹੀਨੇ ਬਜ਼ੁਰਗ ਨਾਗਰਿਕਾਂ, ਬੱਚਿਆਂ ਅਤੇ ਹੋਰਾਂ ਲਈ ਮੰਦਰ ਤੱਕ ਪਹੁੰਚ ਦੀ ਸਹੂਲਤ ਲਈ ਰੋਪਵੇਅ ਸਥਾਪਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ ਜਿਨ੍ਹਾਂ ਨੂੰ ਗੁਫਾ ਦੇ 13 ਕਿਲੋਮੀਟਰ ਦੇ ਰਸਤੇ ਨੂੰ ਤੈਅ ਕਰਨ ਵਿਚ ਮੁਸ਼ਕਲ ਆਉਂਦੀ ਹੈ। ਲਗਭਗ 250 ਕਰੋੜ ਰੁਪਏ ਦਾ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਰਿਆਸੀ ਜ਼ਿਲੇ ਦੇ ਗੁਫਾ ਮੰਦਰ ਵੱਲ ਜਾਣ ਵਾਲੇ ਤਾਰਾਕੋਟ ਮਾਰਗ ਨੂੰ ਸਾਂਝੀ ਛੱਤ ਨਾਲ ਜੋੜੇਗਾ।