ਕਠੁਆ ਰੇਪ ਪੀੜਤਾ ਦੇ ਪਰਿਵਾਰ ਨੇ ਹੈਦਰਾਬਾਦ ਐਨਕਾਊਂਟਰ ''ਤੇ ਜ਼ਾਹਰ ਕੀਤੀ ਖੁਸ਼ੀ

12/06/2019 6:03:59 PM

ਜੰਮੂ— ਕਠੁਆ 'ਚ ਪਿਛਲੇ ਸਾਲ ਜਨਵਰੀ 'ਚ ਸਮੂਹਕ ਬਲਾਤਕਾਰ ਅਤੇ ਕਤਲ ਦੀ ਸ਼ਿਕਾਰ 8 ਸਾਲਾ ਬੱਚੀ ਦੇ ਪਰਿਵਾਰ ਵਾਲਿਆਂ ਨੇ ਹੈਦਰਾਬਾਦ 'ਚ ਹੋਏ ਐਨਕਾਊਂਟਰ 'ਤੇ ਸੰਤੋਸ਼ ਜ਼ਾਹਰ ਕੀਤਾ ਅਤੇ ਕਿਹਾ ਕਿ ਘੱਟੋ-ਘੱਟ ਉਸ ਪੀੜਤਾ ਦੇ ਪਰਿਵਾਰ ਨੂੰ ਲੰਬੇ ਮੁਕੱਦਮੇ ਨਹੀਂ ਝੱਲਣੇ ਪੈਣਗੇ। ਕਠੁਆ ਪੀੜਤਾ ਦੇ ਪਿਤਾ ਮੁਹੰਮਦ ਅਖਤਰ ਨੇ ਜੰਮੂ ਤੋਂ 30 ਕਿਲੋਮੀਟਰ ਦੂਰ ਸਾਂਬਾ 'ਚ ਆਪਣੇ ਘਰ ਤੋਂ ਫੋਨ ਕਰ ਕੇ ਦੱਸਿਆ ਕਿ ਜੇਕਰ ਇਹ ਲੋਕ ਅਪਰਾਧੀ ਸਨ ਤਾਂ ਮੈਨੂੰ ਲੱਗਦਾ ਹੈ ਕਿ ਪੀੜਤਾ ਅਤੇ ਉਸ ਦੇ ਪਰਿਵਾਰ ਨਾਲ ਨਿਆਂ ਹੋਇਆ ਹੈ। ਉਨ੍ਹਾਂ ਨੇ ਜੋ ਕੁਝ ਵੀ ਕੀਤਾ, ਉਸ ਲਈ ਉਹ ਮੌਤ ਦੇ ਹੱਕਦਾਰ ਸਨ ਅਤੇ ਘੱਟੋ-ਘੱਟ ਉਸ  ਪਰਿਵਾਰ ਨੂੰ ਦੋਸ਼ੀਆਂ ਦੇ ਬਰੀ ਹੋਣ ਦਾ ਡਰ ਤਾਂ ਨਹੀਂ ਹੋਵੇਗਾ। ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀ ਸ਼ੁੱਕਰਵਾਰ ਸਵੇਰੇ ਪੁਲਸ ਨਾਲ ਮੁਕਾਬਲੇ 'ਚ ਮਾਰੇ ਗਏ। ਪੁਲਸ ਦੋਸ਼ੀਆਂ ਨੂੰ ਘਟਨਾਕ੍ਰਮ ਦੋਹਰਾਉਣ ਲਈ ਹਾਦਸੇ ਵਾਲੀ ਜਗ੍ਹਾ ਲੈ ਗਈ ਸੀ। ਚਾਰੇ ਦੋਸ਼ੀਆਂ ਦੀ ਉਮਰ 20 ਸਾਲ ਤੋਂ 27 ਸਾਲ ਸੀ।

ਅਖਤਰ ਨੇ ਕਿਹਾ ਕਿ ਮੇਰੀ ਬੇਟੀ ਦਾ ਮਾਮਲਾ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਪਠਾਨਕੋਟ (ਪੰਜਾਬ) ਦੀ ਇਕ ਕੋਰਟ 'ਚ ਚੱਲਾ ਗਿਆ ਅਤੇ ਲੰਬੇ ਮੁਕੱਦਮੇ ਤੋਂ ਬਾਅਦ ਮੁੱਖ ਦੋਸ਼ੀਆਂ 'ਚੋਂ ਇਕ ਨੂੰ ਰਿਹਾਅ ਕਰ ਦਿੱਤਾ ਗਿਆ। ਇਕ ਹੋਰ ਜਿਸ ਨੂੰ ਨਾਬਾਲਗ ਦੱਸਿਆ ਜਾ ਰਿਹਾ ਹੈ ਉਸ 'ਤੇ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਨਿਆਂ ਪ੍ਰਕਿਰਿਆ ਤੇਜ਼ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਸ ਨਾਲ ਸਮਾਜ ਦੇ ਅਸਮਾਜਿਕ ਅਤੇ ਅਪਰਾਧਕ ਤੱਤਾਂ ਨੂੰ ਸਬਕ ਮਿਲੇ। ਪਠਾਨਕੋਟ ਦੀ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਇਸ ਮਾਮਲੇ 'ਚ 6 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਕੋਰਟ ਨੇ ਅਪਰਾਧ ਦੇ ਸਾਜਿਸ਼ਕਰਤਾ ਸਾਂਝੀਰਾਮ, ਇਕ ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੁਰੀਆ ਅਤੇ ਪਰਵੇਸ਼ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਵਿਸ਼ੇਸ਼ ਪੁਲਸ ਅਧਿਕਾਰੀ ਸੁਰੇਂਦਰ ਸ਼ਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਸਬ ਇੰਸਪੈਕਟਰ ਆਨੰਦ ਦੱਤਾ ਨੂੰ 5-5 ਸਾਲ ਕੈਦ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਸਾਂਝੀ ਰਾਮ ਦੇ ਬੇਟੇ ਨੂੰ ਸਬੂਤਾਂ ਦੀ ਕਮੀ ਕਾਰਨ ਰਿਹਾਅ ਕਰ ਦਿੱਤਾ ਗਿਆ ਸੀ।


DIsha

Content Editor

Related News