ਅੱਤਵਾਦ ਕਾਰਨ 65,827 ਕਸ਼ਮੀਰੀ ਪੰਡਿਤ ਪਰਿਵਾਰਾਂ ਨੂੰ ਕਸ਼ਮੀਰ ਘਾਟੀ ਛੱਡਣ ਲਈ ਹੋਣਾ ਪਿਆ ਮਜ਼ਬੂਰ

04/26/2022 5:58:58 PM

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਪਾਂਸਰ ਕੀਤੇ ਗਏ ਅੱਤਵਾਦ ਕਾਰਨ 64,827 ਕਸ਼ਮੀਰੀ ਪੰਡਿਤ ਪਰਿਵਾਰਾਂ ਨੂੰ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਕਸ਼ਮੀਰ ਘਾਟੀ ਛੱਡਣ ਅਤੇ ਜੰਮੂ, ਦਿੱਲੀ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ 'ਚ ਵਸਣ ਲਈ ਮਜ਼ਬੂਰ ਹੋਣਾ ਪਿਆ ਸੀ। ਗ੍ਰਹਿ ਮੰਤਰਾਲਾ (ਐੱਮ.ਐੱਚ.ਏ.) ਦੀ 2020-21 ਦੀ ਸਾਲਾਨਾ ਰਿਪੋਰਟ ਅਨੁਸਾਰ, 1990 ਦੇ ਦਹਾਕੇ ਅਤੇ 2020 ਦਰਮਿਆਨ ਜੰਮੂ ਕਸ਼ਮੀਰ 'ਚ ਅੱਤਵਾਦ ਕਾਰਨ 14,091 ਨਾਗਰਿਕਾਂ ਅਤੇ ਸੁਰੱਖਿਆ ਫ਼ੋਰਸ ਦੇ 5,356 ਜਵਾਨਾਂ ਨੂੰ ਆਪਣੀ ਜਾਨ ਗੁਆਉਣੀ ਪਈ। ਰਿਪੋਰਟ 'ਚ ਕਿਹਾ ਗਿਆ ਹੈ,''ਜੰਮੂ ਕਸ਼ਮੀਰ 'ਚ ਅੱਤਵਾਦ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਨਾਲ ਜੁੜਿਆ ਹੋਇਆ ਹੈ।'' ਇਸ 'ਚ ਕਿਹਾ ਗਿਆ ਹੈ ਕਿ ਕਸ਼ਮੀਰੀ ਪੰਡਿਤਾਂ ਤੋਂ ਇਲਾਵਾ, ਅੱਤਵਾਦ ਕਾਰਨ ਕੁਝ ਸਿੱਖ ਅਤੇ ਮੁਸਲਿਮ ਪਰਿਵਾਰਾਂ ਨੂੰ ਵੀ ਕਸ਼ਮੀਰ ਘਾਟੀ ਤੋਂ ਜੰਮੂ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਪਲਾਇਨ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: 6-12 ਸਾਲ ਉਮਰ ਦੇ ਬੱਚਿਆਂ ਲਈ 'ਕੋਵੈਕਸੀਨ' ਨੂੰ ਮਿਲੀ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ

ਰਿਪੋਰਟ ਅਨੁਸਾਰ ਜੰਮੂ ਦੇ ਪਹਾੜੀ ਇਲਾਕਿਆਂ ਤੋਂ ਲਗਭਗ 1,054 ਪਰਿਵਾਰ ਜੰਮੂ ਦੇ ਮੈਦਾਨੀ ਇਲਾਕਿਆਂ 'ਚ ਚਲੇ ਗਏ। ਇਸ 'ਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਰਾਹਤ ਅਤੇ ਪ੍ਰਵਾਸੀ ਕਮਿਸ਼ਨਰ ਕੋਲ ਉਪਲੱਬਧ ਰਜਿਸਟਰੇਸ਼ਨ ਦੇ ਰਿਕਾਰਡ ਅਨੁਸਾਰ, ਮੌਜੂਦਾ ਸਮੇਂ 43,618 ਰਜਿਸਟਰਡ ਕਸ਼ਮੀਰੀ ਪ੍ਰਵਾਸੀ ਪਰਿਵਾਰ ਜੰਮੂ 'ਚ ਵਸੇ ਹੋਏ ਹਨ, 19,338 ਪਰਿਵਾਰ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਅਤੇ 1,995 ਪਰਿਵਾਰ ਦੇਸ਼ ਦੇ ਕੁਝ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵਸੇ ਹੋਏ ਹਨ। ਰਿਪੋਰਟ ਅਨੁਸਾਰ ਕਸ਼ਮੀਰੀ ਪ੍ਰਵਾਸੀਆਂ ਨੂੰ ਘਾਟੀ 'ਚ ਮੁੜ ਤੋਂ ਵਸਾਉਣ ਦੇ ਮਕਸਦ ਨਾਲ ਗ੍ਰਹਿ ਮੰਤਰਾਲਾ ਨੇ ਪ੍ਰਧਾਨ ਮੰਤਰੀ ਮੁੜ ਨਿਰਮਾਣ ਪੈਕੈਜ- 2008 ਦੇ ਅਧੀਨ ਜੰਮੂ ਕਸ਼ਮੀਰ ਸਰਕਾਰ 'ਚ 3 ਹਜ਼ਾਰ ਨੌਕਰੀਆਂ ਅਤੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ-2015 (ਪੀ.ਐੱਮ.ਡੀ.ਪੀ.-2015) ਦੇ ਅਧੀਨ ਐਡੀਸ਼ਨਲ 3,000 ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ 'ਚ 2014 'ਚ 2020 ਤੱਕ ਪਾਕਿਸਤਾਨ ਵਲੋਂ ਸਪਾਂਸਰ ਕੁੱਲ 2,546 ਅੱਤਵਾਦੀ ਘਟਨਾਵਾਂ ਹੋਈਆਂ, ਜਿਨ੍ਹਾਂ 'ਚ 481 ਸੁਰੱਖਿਆ ਕਰਮੀ, 215 ਨਾਗਰਿਕ ਅਤੇ 1,216 ਅੱਤਵਾਦੀ ਮਾਰੇ ਗਏ। ਇਸ 'ਚ ਕਿਹਾ ਗਿਆ ਹੈ ਕਿ 2014 ਅਤੇ 2020 ਦਰਮਿਆਨ ਜੰਮੂ ਕਸ਼ਮੀਰ 'ਚ ਸਰਹੱਦ ਪਾਰ ਤੋਂ ਘੁਸਪੈਠ ਦੀਆਂ 1,776 ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News