ਠੰਢ ਨਾਲ ਕਸ਼ਮੀਰ ’ਚ ਵਿਗੜੇ ਹਾਲਾਤ, ਛੱਪੜ ਤੇ ਝਰਨੇ ਜੰਮੇ
Wednesday, Jan 01, 2025 - 11:47 PM (IST)
ਜੰਮੂ, (ਸੰਜੀਵ, ਰੋਸ਼ਨੀ)- ਜੰਮੂ-ਕਸ਼ਮੀਰ ਵਿਚ ਕੜਾਕੇ ਦੀ ਠੰਢ ਕਾਰਨ ਹਾਲਾਤ ਵਿਗੜ ਗਏ ਹਨ। ਕਸ਼ਮੀਰ ਵਿਚ ਛੱਪੜ ਤੇ ਝਰਨੇ ਵੀ ਜੰਮ ਗਏ ਹਨ। ਬਰਫਬਾਰੀ ਕਾਰਨ ਰੇਲ ਅਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸ਼੍ਰੀਨਗਰ ਰੇਲਵੇ ਸਟੇਸ਼ਨ ’ਤੇ ਇਕ ਤੋਂ ਤਿੰਨ ਫੁੱਟ ਤੱਕ ਬਰਫ ਦੀ ਚਾਦਰ ਵਿਛੀ ਹੋਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਕਸ਼ਮੀਰ ’ਚ ਬੁੱਧਵਾਰ ਨੂੰ ਵੀ ਬਰਫੀਲੀਆਂ ਹਵਾਵਾਂ ਜਨਜੀਵਨ ਨੂੰ ਬੇਹਾਲ ਕਰਦੀਆਂ ਰਹੀਆਂ। ਹਾਲਾਤ ਇਹ ਹਨ ਕਿ ਕਸ਼ਮੀਰ ਵਿਚ ਛੱਤ ਵਾਲੀ ਪਾਣੀ ਦੀ ਟੈਂਕੀ ਤੋਂ ਲੈ ਕੇ ਵਾਟਰ ਸਪਲਾਈ ਦੀਆਂ ਪਾਈਪਾਂ ਤੱਕ ਜੰਮ ਗਈਆਂ ਹਨ। ਜੰਮੂ ਦੀ ਗੱਲ ਕਰੀਏ ਤਾਂ ਜੰਮੂ ਸ਼ਹਿਰ ਸਮੇਤ ਕਈ ਇਲਾਕਿਆਂ ’ਚ ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਲੋਕ ਠੰਢ ਨਾਲ ਠਰਦੇ ਰਹੇ।
ਸੀਤ ਲਹਿਰ ਅਤੇ ਧੁੰਦ ਕਾਰਨ ਜੰਮੂ ਵਿਚ ਇਸ ਸਮੇਂ ਤਾਪਮਾਨ ਮਨਫ਼ੀ 5 ਡਿਗਰੀ ਅਤੇ ਸ੍ਰੀਨਗਰ ਵਿਚ ਮਨਫ਼ੀ 6.5 ਡਿਗਰੀ ਤੱਕ ਪਹੁੰਚ ਗਿਆ ਹੈ। ਵਿਭਾਗ ਨੇ 4 ਤੋਂ 6 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਸਥਾਨਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਅਤੇ ਬਰਫਬਾਰੀ ਦੇ ਨਾਲ ਆਮ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਜਦਕਿ 7 ਤੋਂ 10 ਜਨਵਰੀ ਤੱਕ ਜੰਮੂ-ਕਸ਼ਮੀਰ ’ਚ ਆਮ ਤੌਰ ’ਤੇ ਬੱਦਲ ਛਾਏ ਰਹਿਣਗੇ ਅਤੇ ਮੌਸਮ ਖੁਸ਼ਕ ਰਹੇਗਾ।
ਵਿਭਾਗ ਨੇ ਇਸ ਸਮੇਂ ਦੌਰਾਨ ਤਾਜ਼ਾ ਬਰਫਬਾਰੀ, ਜ਼ੀਰੋ ਤੋਂ ਹੇਠਾਂ ਦੇ ਤਾਪਮਾਨ ਅਤੇ ਸੜਕਾਂ (ਮੈਦਾਨੀ ਇਲਾਕਿਆਂ/ਉੱਚਾਈ ਵਾਲੇ ਖੇਤਰਾਂ) ’ਤੇ ਬਰਫੀਲੀ ਸਥਿਤੀ ਦੇ ਮੱਦੇਨਜ਼ਰ ਸੈਲਾਨੀਆਂ/ਯਾਤਰੂਆਂ/ਟਰਾਂਸਪੋਰਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਸ ਅਨੁਸਾਰ ਯੋਜਨਾ ਬਣਾਉਣ ਅਤੇ ਪ੍ਰਸ਼ਾਸਨ ਤੇ ਆਵਾਜਾਈ ਵਿਭਾਗ ਦੀ ਸਲਾਹ ਦੀ ਪਾਲਣਾ ਕਰਨ।