ਕਸ਼ਮੀਰ : ਸਰਪੰਚ ਦੇ ਕਤਲ 'ਚ ਹਿਜ਼ਬੁਲ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
Monday, Mar 14, 2022 - 04:31 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਕੁਲਗਾਮ ਜ਼ਿਲ੍ਹੇ ਦੇ ਔਦੂਰਾ ਇਲਾਕੇ 'ਚ ਸਰਪੰਚ ਸ਼ਬੀਰ ਅਹਿਮਦ ਮੀਰ ਦੇ ਕਤਲ ਦੀ ਜਾਂਚ 'ਚ ਜੁਟੀ ਪੁਲਸ ਨੇ ਹਿਜ਼ਬੁਲ ਮੁਜਾਹੀਦੀਨ ਅੱਤਵਾਦੀ ਸਮੂਹ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧ 'ਚ ਜੰਮੂ ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੁਲਗਾਮ ਜ਼ਿਲ੍ਹੇ 'ਚ ਤਿੰਨ ਦਿਨ ਪਹਿਲਾਂ ਹੋਏ ਇਕ ਸਰਪੰਚ ਦੇ ਕਤਲ 'ਚ ਸ਼ਾਮਲ ਹਿਜ਼ਬੁਲ ਮੁਜਾਹੀਦੀਨ ਅੱਤਵਾਦੀ ਸਮੂਹ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਜਨਰਲ ਇੰਸਪੈਕਟਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੀਰ ਨੂੰ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀਆਂ ਨੇ ਮਾਰਿਆ ਸੀ।
ਪੁਲਸ ਨੇ ਕਿਹਾ ਕਿ ਉਸ ਨੇ ਕਤਲ 'ਚ ਸ਼ਾਮਲ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਇਸ 'ਚ 2 ਪਿਸਤੌਲ ਵੀ ਸ਼ਾਮਲ ਹਨ। ਪੁਲਸ ਨੇ ਕਿਹਾ ਕਿ ਅੱਤਵਾਦੀਆਂ ਦੇ ਖ਼ੁਲਾਸੇ 'ਤੇ ਅਪਰਾਧ 'ਚ ਇਸਤੇਮਾਲ ਕੀਤੇ ਗਏ ਵਾਹਨ ਜ਼ਬਤ ਕਰ ਲਏ ਗਏ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਸਰਪੰਚ ਦਾ ਕਤਲ ਹਿਜ਼ਬੁਲ ਮੁਜਾਹੀਦੀਨ ਦੇ ਪ੍ਰਮੁੱਖ ਅੱਤਵਾਦੀ ਫਾਰੂਕ ਨੱਲੀ ਦੇ ਨਿਰਦੇਸ਼ 'ਤੇ ਅੱਤਵਾਦੀ ਮੁਸ਼ਤਾਕ ਯਾਤੂ ਨੇ ਕੀਤੀ ਸੀ। ਦੱਸਣਯੋਗ ਹੈ ਕਿ ਕਸ਼ਮੀਰ 'ਚ ਇਸ ਮਹੀਨੇ ਤਿੰਨ ਪੰਚਾਇਤ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ, ਜਿਸ ਨਾਲ ਸਰਪੰਚ ਅਤੇ ਪੰਚ ਡਰੇ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਸਰਪੰਚਾਂ ਨੂੰ ਅੱਤਵਾਦੀਆਂ ਨੇ ਧਮਕੀ ਦਿੱਤੀ ਹੈ, ਉਨ੍ਹਾਂ ਪੰਚਾਇਤ ਮੈਂਬਰਾਂ ਨੂੰ ਸ਼੍ਰੀਨਗਰ ਅਤੇ ਹੋਰ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਚ ਸੁਰੱਖਿਅਤ ਘਰ ਮੁਹੱਈਆ ਕਰਵਾਇਆ ਜਾਂਦਾ ਹੈ।