ਕਸ਼ਮੀਰ ਲਈ ਮਾਣ ਵਾਲਾ ਪਲ, 'ਨੈਸ਼ਨਲ ਟੀਚਰਜ਼ ਐਵਾਰਡ 2020' ਲਈ ਚੁਣੀ ਗਈ ਅਧਿਆਪਕਾ

Wednesday, Sep 02, 2020 - 01:14 PM (IST)

ਸ਼੍ਰੀਨਗਰ— ਕਹਿੰਦੇ ਨੇ ਹਾਲਾਤ ਅਤੇ ਸਮਾਂ ਜ਼ਰੂਰ ਬਦਲਦਾ ਹੈ, ਜੇਕਰ ਇਨਸਾਨ ਕੋਸ਼ਿਸ਼ ਕਰੇ। ਕੋਸ਼ਿਸ਼ ਅਤੇ ਸਖਤ ਮਿਹਨਤ ਨਾਲ ਹੀ ਮੰਜ਼ਿਲ ਦੇ ਕਰੀਬ ਪੁੱਜਿਆ ਜਾ ਸਕਦਾ ਹੈ। ਇੱਥੇ ਅਸੀਂ ਗੱਲ ਕਸ਼ਮੀਰ ਦੀ ਕਰ ਰਹੇ ਹਾਂ, ਜਿੱਥੇ ਹੁਣ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਰੂਹੀ ਸੁਲਤਾਨਾ ਜੋ ਕਿ ਕਸ਼ਮੀਰ 'ਚ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਰੂਹੀ ਦੀ ਚੋਣ 'ਨੈਸ਼ਨਲ ਟੀਚਰਜ਼ ਐਵਾਰਡ 2020' ਹੋਈ ਹੈ। ਉਨ੍ਹਾਂ ਨੇ ਇਹ ਮਾਣ ਆਪਣੇ ਵਿਦਿਆਰਥੀਆਂ ਅਤੇ ਸਿੱਖਿਆ ਮਹਿਕਮੇ ਨੂੰ ਸਮਰਪਿਤ ਕੀਤਾ ਹੈ। ਦਰਅਸਲ ਅਧਿਆਪਕਾ ਰੂਹੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 'ਪਲੇਅ ਵੇਅ ਵਿਧੀ' ਦੀ ਵਰਤੋਂ ਕਰਦੀ ਹੈ। 

PunjabKesari

ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ ਰੂਹੀ—
ਸਰਕਾਰੀ ਸਕੂਲ ਦੀ ਅਧਿਆਪਕਾ ਰੂਹੀ ਸੁਲਤਾਨਾ ਜੋ ਕਿ ਸ਼੍ਰੀਨਗਰ ਦੇ ਨੌਸ਼ਹਿਰਾ ਖੇਤਰ ਦੀ ਹੈ। ਉਹ ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀਨਗਰ 'ਚ ਤਾਇਨਾਤ ਹੈ। ਉਨ੍ਹਾਂ ਨੇ ਉਰਦੂ ਅਤੇ ਕਸ਼ਮੀਰੀ ਭਾਸ਼ਾਵਾਂ ਵਿਚ ਬੀ. ਐੱਡ. (ਬੈਚਲਰ ਆਫ਼ ਐਜੁਕੇਸ਼ਨ) 'ਚ ਬੈਚਲਰ ਦੀ ਪੜ੍ਹਾਈ ਪੂਰੀ ਕੀਤੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਰੂਹੀ ਨੇ ਕਿਹਾ ਕਿ ਮੈਂ ਆਪਣੀ ਸਿੱਖਿਆ ਸਰਕਾਰੀ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਹੈ। ਮਾਸਟਰਜ਼ ਉਰਦੂ ਅਤੇ ਕਸ਼ਮੀਰੀ ਭਾਸ਼ਾਵਾਂ 'ਚ ਪੂਰੀ ਕੀਤੀ ਹੈ। ਮੈਂ ਬੀ. ਐੱਡ (ਬੈਚਲਰ ਆਫ਼ ਐਜੁਕੇਸ਼ਨ) ਦੀ ਪੜ੍ਹਾਈ ਕੀਤੀ ਹੈ। 

ਬਚਪਨ ਤੋਂ ਹੀ ਬਣਨਾ ਚਾਹੁੰਦੀ ਸੀ ਅਧਿਆਪਕਾ
ਰੂਹੀ ਨੇ ਦੱਸਿਆ ਕਿ ਮੈਂ ਜਦੋਂ ਬੱਚੀ ਸੀ ਤਾਂ ਅਧਿਆਪਕਾ ਬਣਨਾ ਚਾਹੁੰਦੀ ਸੀ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਹਾਂ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਾ ਸਿਰਫ ਪੜ੍ਹਾਉਂਦਾ ਹੈ, ਸਗੋਂ ਕਿ ਉਨ੍ਹਾਂ ਨੂੰ ਮਨੁੱਖਤਾ ਬਾਰੇ ਗਿਆਨ ਦੇ ਕੇ ਚੰਗਾ ਇਨਸਾਨ ਬਣਾਉਂਦਾ ਹੈ। ਮੈਂ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪਲੇਅ ਵੇਅ ਵਿਧੀ ਦੀ ਵਰਤੋਂ ਕਰਦੀ ਹਾਂ। ਮੈਂ ਉਨ੍ਹਾਂ ਨੂੰ ਨਵੇਂ ਤਰੀਕਿਆਂ ਨਾਲ ਪੜ੍ਹਾਉਂਦੀ ਹਾਂ ਤਾਂ ਕਿ ਜਮਾਤ 'ਚ ਸਿੱਖਣ ਦੌਰਾਨ ਉਹ ਤੁਰੰਤ ਸਮਝ ਜਾਣ।

ਰੂਹੀ ਦੇ ਪਤੀ ਸਾਹਿਲ ਨੂੰ ਮਾਣ ਹੈ—
ਰੂਹੀ ਦੇ ਪਤੀ ਸਾਹਿਲ ਭੱਟ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ, ਜਦੋਂ ਉਨ੍ਹਾਂ ਨੂੰ ਖ਼ਬਰਾਂ ਜ਼ਰੀਏ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਰੂਹੀ ਸੁਲਤਾਨਾ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਨੈਸ਼ਨਲ ਐਵਾਰਡ ਦਿੱਤਾ ਜਾਵੇਗਾ। ਸਾਹਿਲ ਭੱਟ ਨੇ ਕਿਹਾ ਕਿ ਮੈਨੂੰ ਆਪਣੀ ਪਤਨੀ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਮੇਰੇ ਪਰਿਵਾਰ ਲਈ ਹੀ ਮਾਣ ਵਾਲਾ ਪਲ ਨਹੀਂ ਹੈ, ਸਗੋਂ ਕਿ ਅਧਿਆਪਕ ਬਿਰਾਦਰੀ ਅਤੇ ਕਸ਼ਮੀਰ ਲਈ ਵੀ ਮਾਣ ਵਾਲਾ ਪਲ ਹੈ। ਦੱਸ ਦੇਈਏ ਕਿ 5 ਸਤੰਬਰ ਨੂੰ 'ਟੀਚਰਜ਼ ਡੇਅ' ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਧਿਆਪਕਾਂ ਨੂੰ ਐਵਾਰਡ ਪ੍ਰਦਾਨ ਕਰਨਗੇ।


Tanu

Content Editor

Related News