ਧੁੰਦ ਨਾਲ ਢਕਿਆ ਕਸ਼ਮੀਰ, ਕਈ ਉਡਾਣਾਂ ਰੱਦ

12/07/2019 4:45:36 PM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ 'ਚ ਸ਼ਨੀਵਾਰ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਡ ਨਾਲ ਹੋਈ, ਜਿੱਥੇ ਸ਼ੁੱਕਰਵਾਰ ਰਾਤ ਸੀਜ਼ਨ ਦੀ ਸਭ ਤੋਂ ਸਰਦ ਰਾਤ ਦਰਜ ਕੀਤੀ ਗਈ। ਘਾਟੀ ਦੇ ਜ਼ਿਆਦਾਤਰ ਇਲਾਕਿਆਂ 'ਚ ਠੰਡੀਆਂ ਹਵਾਵਾਂ ਅਤੇ ਬਰਫ ਜਮਾਂ ਦੇਣ ਵਾਲੇ ਤਾਪਮਾਨ ਦੀ ਵਜ੍ਹਾ ਕਰ ਕੇ ਟੂਟੀਆਂ 'ਚ ਪਾਣੀ ਜੰਮ ਗਿਆ ਅਤੇ ਹੋਰ ਪਾਣੀ ਦੇ ਸਰੋਤ ਵੀ ਜੰਮ ਗਏ। ਸ਼੍ਰੀਨਗਰ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧੁੰਦ ਦੀ ਵਜ੍ਹਾ ਕਰ ਕੇ ਨਾ ਸਿਰਫ ਸੜਕੀ ਆਵਾਜਾਈ ਸਗੋਂ ਕਿ ਹਵਾਈ ਆਵਾਜਾਈ 'ਤੇ ਵੀ ਅਸਰ ਪਿਆ। ਇਸ ਵਜ੍ਹਾ ਕਰ ਕੇ ਸ਼੍ਰੀਨਗਰ ਹਵਾਈ ਅੱਡੇ 'ਤੇ 11 ਉਡਾਣਾਂ ਰੱਦ ਕਰਨੀਆਂ ਪਈਆਂ। ਉਨ੍ਹਾਂ ਨੇ ਕਿਹਾ ਕਿ ਹਵਾਈ ਆਵਾਜਾਈ ਨੂੰ ਉਦੋਂ ਬਹਾਲ ਕੀਤਾ ਜਾਵੇਗਾ, ਜਦੋਂ ਵਿਜ਼ੀਬਿਲਟੀ 'ਚ ਕੁਝ ਸੁਧਾਰ ਹੋਵੇਗਾ।

ਧੁੰਦ ਦੀ ਵਜ੍ਹਾ ਕਰ ਕੇ ਘਾਟੀ ਵਿਚ ਆਵਾਜਾਈ ਪ੍ਰਭਾਵਿਤ ਰਿਹਾ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਹੀ ਰਹਿਣ ਨੂੰ ਮਜਬੂਰ ਰਹੇ। ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਸੁਚਾਰੂ ਰੂਪ ਨਾਲ ਚਲਦਾ ਰਿਹਾ ਪਰ ਵਾਹਨ ਕਾਫੀ ਹੌਲੀ ਰਫਤਾਰ ਤੋਂ ਚੱਲਦੇ ਨਜ਼ਰ ਆਏ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਸਵੇਰ ਦੇ ਸਮੇਂ ਵਿਜ਼ੀਬਿਲਟੀ ਸਿਰਫ 20 ਮੀਟਰ ਰਹੀ ਅਤੇ ਘੱਟ ਤੋਂ ਘੱਟ ਤਾਪਮਾਨ ਸਿਫਰ ਤੋਂ 3.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਵਿਭਾਗ ਨੇ ਅਗਲੇ 48 ਘੰਟਿਆਂ 'ਚ ਮੌਸਮ ਖੁਸ਼ਕ ਅਤੇ ਆਸਮਾਨ ਦੇ ਖੁੱਲ੍ਹੇ ਰਹਿਣ ਦਾ ਅਨੁਮਾਨ ਜਤਾਇਆ ਹੈ। ਇਸ ਦੀ ਵਜ੍ਹਾ ਤੋਂ ਰਾਤ ਦੇ ਤਾਪਮਾਨ ਦਾ ਮੌਸਮ ਦੇ ਹਿਸਾਬ ਨਾਲ ਆਮ ਰਹਿਣ ਦੇ ਆਸਾਰ ਹਨ।
 


Tanu

Content Editor

Related News