ਭੂਟਾਨ ਨੇ ਠੁਕਰਾਇਆ ਭਾਰਤੀ ਪੈਟਰੋਲ ? ਪੈਟਰੋਲੀਅਮ ਮੰਤਰਾਲੇ ਨੇ ਖੋਲ੍ਹੀ ‘ਦਾਅਵੇ’ ਦੀ ਪੋਲ
Tuesday, Jul 07, 2026 - 03:26 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਸਰਕਾਰ ਨੇ ਭੂਟਾਨ ਵੱਲੋਂ ਭਾਰਤੀ E20 ਪੈਟਰੋਲ ਨੂੰ ਠੁਕਰਾਉਣ ਦੀਆਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ (MoPNG) ਨੇ ਸਪੱਸ਼ਟ ਕੀਤਾ ਕਿ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਭੂਟਾਨ ਨੂੰ E20 ਪੈਟਰੋਲ ਨਿਰਯਾਤ ਕਰਨ ਦਾ ਕੋਈ ਪ੍ਰਸਤਾਵ ਹੀ ਨਹੀਂ ਦਿੱਤਾ ਹੈ, ਇਸ ਲਈ ਇਸਨੂੰ ਠੁਕਰਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਸੋਸ਼ਲ ਮੀਡੀਆ 'ਤੇ ਜਾਰੀ ਇੱਕ ਫੈਕਟ ਚੈੱਕ ਵਿੱਚ ਮੰਤਰਾਲੇ ਨੇ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭੂਟਾਨ ਨੇ ਭਾਰਤ ਤੋਂ E20 ਪੈਟਰੋਲ ਆਯਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰਾਲਾ ਨੇ ਇਨ੍ਹਾਂ ਦਾਅਵਿਆਂ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਅਤੇ ਲੋਕਾਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ।
ਇਹ ਸਪੱਸ਼ਟੀਕਰਨ ਉਸ ਸਮੇਂ ਆਇਆ ਜਦੋਂ ਕਾਂਗਰਸ ਪਾਰਟੀ ਨੇ ਦੋਸ਼ ਲਗਾਇਆ ਸੀ ਕਿ ਭੂਟਾਨ, ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਨੇ ਭਾਰਤੀ ਈਂਧਣ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੂੰ E20 ਪੈਟਰੋਲ ਨਿਰਯਾਤ ਕਰਨ ਦਾ ਕੋਈ ਪ੍ਰਸਤਾਵ ਭੇਜਿਆ ਹੀ ਨਹੀਂ ਗਿਆ ਸੀ।
