ਕਾਂਗਰਸ ਨੇਤਾ ਡੀ.ਕੇ. ਸ਼ਿਵ ਕੁਮਾਰ ਦੇ 15 ਟਿਕਾਣਿਆਂ ''ਤੇ CBI ਦੀ ਛਾਪੇਮਾਰੀ, 50 ਲੱਖ ਤੋਂ ਵੱਧ ਕੈਸ਼ ਬਰਾਮਦ

10/05/2020 11:55:47 AM

ਨੈਸ਼ਨਲ ਡੈਸਕ- ਕਰਨਾਟਕ 'ਚ ਕਾਂਗਰਸ ਦੇ ਸੰਕਟਮੋਚਕ ਰਹਿ ਚੁਕੇ ਡੀ.ਕੇ. ਸ਼ਿਵ ਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀ ਹਨ। ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਉਨ੍ਹਾਂ ਦੇ 15 ਟਿਕਾਣਿਆਂ 'ਤੇ ਸੀ.ਬੀ.ਆਈ. ਨੇ ਛਾਪੇਮਾਰੀ ਕੀਤੀ ਹੈ, ਜਿੱਥੋਂ 50 ਲੱਖ ਤੋਂ ਵੱਧ ਕੈਸ਼ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਸੰਸਦ ਮੈਂਬਰ ਡੀ.ਕੇ. ਸੁਰੇਸ਼ ਦੇ ਕੰਪਲੈਕਸ 'ਚ ਵੀ ਛਾਪਾ ਮਾਰਿਆ ਗਿਆ ਹੈ। ਸੀ.ਬੀ.ਆਈ. ਸੂਤਰਾਂ ਅਨੁਸਾਰ ਕੇਂਦਰੀ ਏਜੰਸੀ ਦੇ ਘੱਟੋ-ਘੱਟ 60 ਅਧਿਕਾਰੀਆਂ ਵਲੋਂ 15 ਸਥਾਨਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਪਹਿਲੀ ਛਾਪੇਮਾਰੀ ਸੋਮਵਾਰ ਸਵੇਰੇ 6 ਵਜੇ ਕਨਕਪੁਰਾ ਚੋਣ ਖੇਤਰ ਦੇ ਡੋਡੱਲਾਹੱਲੀ ਪਿੰਡ 'ਚ ਸਥਿਤ ਉਨ੍ਹਾਂ ਦੇ ਘਰ ਸ਼ੁਰੂ ਹੋਈ, ਜਿਸ ਦਾ ਪ੍ਰਤੀਨਿਧੀਤੱਵ ਰਾਜ ਵਿਧਾਨ ਸਭਾ 'ਚ ਸ਼ਿਵ ਕੁਮਾਰ ਕਰਦੇ ਹਨ। ਜਿਨ੍ਹਾਂ ਘਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ, ਉਨ੍ਹਾਂ 'ਚੋਂ ਇਕ ਸ਼ਿਵ ਕੁਮਾਰ ਦੇ ਕਰੀਬੀ ਇਕਬਾਲ ਹੁਸੈਨ ਦਾ ਹੈ।

ਜਾਣਕਾਰੀ ਅਨੁਸਾਰ, ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਇਨਕਮ ਟੈਕਸ ਵਿਭਾਗ 'ਚ ਟੈਕਸ ਚੋਰੀ ਦੇ ਦੋਸ਼ਾਂ ਦੇ ਆਧਾਰ 'ਤੇ ਇਕ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਈ.ਡੀ. ਨੂੰ ਕੁਝ ਜ਼ਰੂਰੀ ਜਾਣਕਾਰੀਆਂ ਹੱਥ ਲੱਗੀਆਂ ਸਨ, ਜਿਸ ਦੀ ਸੂਚਨਾ ਸੀ.ਬੀ.ਆਈ. ਨੂੰ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਇਸੇ ਮਾਮਲੇ 'ਚ ਇਹ ਛਾਪੇ ਮਾਰ ਰਹੀ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸਿੱਧਰਮਈਆ ਨੇ ਇਸ ਕਾਰਵਾਈ ਨੂੰ ਰਾਜਨੀਤੀ ਕਰਾਰ ਦਿੱਤਾ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਕਿ ਭਾਜਪਾ ਹਮੇਸ਼ਾ ਬਦਲੇ ਦੀ ਰਾਜਨੀਤੀ ਕਰਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਡੀ.ਕੇ. ਸ਼ਿਵ ਕੁਮਾਰ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ ਜ਼ਿਮਨੀ ਚੋਣਾਂ ਦੀਆਂ ਸਾਡੀਆਂ ਤਿਆਰੀਆਂ 'ਤੇ ਰੁਕਾਵਟ ਪਾਉਣ ਲਈ ਕੀਤੀ ਜਾ ਰਹੀ ਹੈ, ਮੈਂ ਇਸ ਦੀ ਸਖਤ ਨਿੰਦਾ ਕਰਦਾ ਹਾਂ।


DIsha

Content Editor

Related News