ਕਰਨਾਟਕ ’ਚ ਭਾਜਪਾ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ

Tuesday, Dec 03, 2024 - 10:13 AM (IST)

ਜਲੰਧਰ (ਵਿਸ਼ੇਸ਼)- ਕਰਨਾਟਕ ’ਚ ਪਾਰਟੀ ਵਿਰੋਧੀ ਸਰਗਰਮੀਆਂ ਨੂੰ ਵੇਖਦਿਆਂ ਭਾਜਪਾ ਦੀ ਕੇਂਦਰੀ ਅਨੁਸ਼ਾਸਨ ਕਮੇਟੀ ਨੇ ਆਪਣੇ ਇਕ ਵਿਧਾਇਕ ਖਿਲਾਫ ਵੱਡਾ ਐਕਸ਼ਨ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇਪੁਰਾ ਦੇ ਭਾਜਪਾ ਵਿਧਾਇਕ ਬਸਨਗੌੜਾ ਪਾਟਿਲ ਯਤਨਾਲ ਨੂੰ ਸੂਬਾ ਪਾਰਟੀ ਲੀਡਰਸ਼ਿਪ ਖਿਲਾਫ ਲਗਾਤਾਰ ਤਿੱਖੀਆਂ ਟਿੱਪਣੀਆਂ ਕਰਨ ’ਤੇ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਯਤਨਾਲ ਨੇ ਕੁਝ ਦਿਨ ਪਹਿਲਾਂ ਸੂਬਾ ਲੀਡਰਸ਼ਿਪ ਤੋਂ ਬਿਨਾਂ ਹੀ ਕੁਝ ਵਿਧਾਇਕਾਂ ਨਾਲ ਮਿਲ ਕੇ ਇਕ ਵਕਫ ਵਿਰੋਧੀ ਮਾਰਚ ਵੀ ਸ਼ੁਰੂ ਕੀਤਾ ਸੀ, ਜੋ ਕਿ ਭਾਜਪਾ ਦੇ ਕੁਝ ਸੀਨੀਅਰ ਆਗੂਆਂ ਨਾਲ ਮਿਲ ਕੇ ਬੀਦਰ ਤੋਂ ਚਮਰਾਜਨਗਰ ਤਕ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੂਬਾ ਲੀਡਰਸ਼ਿਪ ਦੇ ਲਗਾਤਾਰ ਨਿਸ਼ਾਨੇ ’ਤੇ ਸਨ।

ਇਹ ਮਾਰਚ 25 ਨਵੰਬਰ ਨੂੰ ਸ਼ੁਰੂ ਕੀਤਾ ਗਿਆ ਸੀ। ਯਤਨਾਲ ਦੇ ਪਾਰਟੀ ਵਿਰੋਧੀ ਹਮਲਿਆਂ ਅਤੇ ਪਾਰਟੀ ਦੀਆਂ ਹਦਾਇਤਾਂ ਦੀ ਉਲੰਘਣਾ ਨੂੰ ਲੈ ਕੇ ਮੀਡੀਆ ਵਿਚ ਛਪੀਆਂ ਖਬਰਾਂ ਦਾ ਨੋਟਿਸ ਲੈਂਦਿਆਂ ਕਰਨਾਟਕ ਭਾਜਪਾ ਇਕਾਈ ਦੇ ਮੈਂਬਰ ਸਕੱਤਰ ਓਮ ਪਾਠਕ ਨੇ 1 ਦਸੰਬਰ ਨੂੰ ਉਕਤ ਵਿਧਾਇਕ ਨੂੰ ਨੋਟਿਸ ਜਾਰੀ ਕਰ ਕੇ 10 ਦਿਨਾਂ ਅੰਦਰ ਜਵਾਬ ਮੰਗਿਆ ਹੈ। ਨੋਟਿਸ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਜੇ ਉਹ ਤੈਅ ਸਮੇਂ ਅੰਦਰ ਜਵਾਬ ਨਹੀਂ ਦਿੰਦੇ ਤਾਂ ਇਸ ਮਾਮਲੇ ’ਚ ਅੰਤਿਮ ਫੈਸਲਾ ਲਿਆ ਜਾਵੇਗਾ। ਨੋਟਿਸ ਵਿਚ ਲਿਖਿਆ ਗਿਆ ਹੈ ਕਿ ਕਿਰਪਾ ਕਰ ਕੇ ਕਾਰਨ ਦੱਸੋ ਕਿ ਪਾਰਟੀ ਨੂੰ ਤੁਹਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਿਉਂ ਨਹੀਂ ਕਰਨੀ ਚਾਹੀਦੀ? ਦੱਸ ਦੇਈਏ ਕਿ ਯਤਨਾਲ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦਿਯੁਰੱਪਾ ਤੇ ਕਰਨਾਟਕ ਇਕਾਈ ਦੇ ਮੁਖੀ ਵੀ. ਵਾਈ. ਵਿਜੇਂਦਰ ਦੇ ਕੱਟੜ ਆਲੋਚਕ ਰਹੇ ਹਨ। ਉਹ ਸਮੇਂ-ਸਮੇਂ ’ਤੇ ਮੰਗ ਕਰਦੇ ਰਹੇ ਹਨ ਕਿ ਕਾਂਗਰਸ ਦੀ ਪਰਿਵਾਰਵਾਦੀ ਸਿਆਸਤ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਪਹਿਲਾਂ ਯੇਦਿਯੁਰੱਪਾ ਦੀ ਵੰਸ਼ਵਾਦੀ ਸਿਆਸਤ ’ਤੇ ਲਗਾਮ ਕੱਸੀ ਜਾਵੇ। ਇਸ ਮਾਮਲੇ ’ਚ ਯਤਨਾਲ ਦਾ ਕਹਿਣਾ ਹੈ ਕਿ ਉਹ ਬਹੁਤ ਜਲਦ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਨ ਵਾਲੇ ਹਨ ਅਤੇ ਕਰਨਾਟਕ ਭਾਜਪਾ ਇਕਾਈ ਦੇ ਪ੍ਰਧਾਨ ਵੱਲੋਂ ਜਾਰੀ ਨੋਟਿਸ ਦਾ ਜਵਾਬ ਜ਼ਰੂਰ ਦੇਣਗੇ। ਇਸ ਦੇ ਨਾਲ ਹੀ ਉਹ ਕਰਨਾਟਕ ’ਚ ਭਾਜਪਾ ਦੀ ਸਥਿਤੀ ਬਾਰੇ ਵੀ ਕੁਝ ਤੱਥ ਪੇਸ਼ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News