ਕਰਨਾਲ ’ਚ ਸਕੱਤਰੇਤ ਵੱਲ ਕਿਸਾਨਾਂ ਦਾ ਮਾਰਚ ਸ਼ੁਰੂ, ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰੇ ਕਿਸਾਨ

Tuesday, Sep 07, 2021 - 07:06 PM (IST)

ਕਰਨਾਲ ’ਚ ਸਕੱਤਰੇਤ ਵੱਲ ਕਿਸਾਨਾਂ ਦਾ ਮਾਰਚ ਸ਼ੁਰੂ, ਵੱਡੀ ਗਿਣਤੀ ’ਚ ਸੜਕਾਂ ’ਤੇ ਉੱਤਰੇ ਕਿਸਾਨ

ਕਰਨਾਲ— ਕਰਨਾਲ ’ਚ ਕਿਸਾਨਾਂ ਵਲੋਂ ਮਿੰਨੀ ਸਕੱਤਰੇਤ ਵੱਲ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ ’ਚ ਕਿਸਾਨਾਂ ਦਾ ਹਜ਼ੂਮ ਸੜਕਾਂ ’ਤੇ ਉਤਰ ਗਿਆ ਹੈ। ਦੱਸ ਦੇਈਏ ਕਿ ਹਰਿਆਣਾ ਦੇ ਕਰਨਾਲ ’ਚ ਬੀਤੀ 28 ਅਗਸਤ ਹੋਏ ਪੁਲਸ ਲਾਠੀਚਾਰਜ ਵਿਰੁੱਧ ਕਿਸਾਨਾਂ ਵਲੋਂ ਅੱਜ ਮਹਾਪੰਚਾਇਤ ਸੱਦੀ ਗਈ। ਹਾਲਾਂਕਿ ਇਸੇ ਦਰਮਿਆਨ ਕਰਨਾਲ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਜਿਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ’ਚ ਕਿਸਾਨਾਂ ਨੇ ਮਿੰਨੀ ਸਕੱਤਰੇਤ ਨੂੰ ਘੇਰਨ ਲਈ ਕੂਚ ਕਰ ਦਿੱਤਾ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਕੋਈ ਬੈਰੀਕੇਡ ਨਹੀਂ ਤੋੜਿਆ ਜਾਵੇਗਾ, ਜਿੱਥੇ ਵੀ ਰੋਕਿਆ ਜਾਵੇਗਾ, ਉੱਥੇ ਹੀ ਗਿ੍ਰਫ਼ਤਾਰੀਆਂ ਦਿੱਤੀਆਂ ਜਾਣਗੀਆਂ। 

PunjabKesari

ਦਰਅਸਲ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਸਾਨਾਂ ਨੂੰ ਕਰਨਾਲ ਵਿਖੇ ਅਨਾਜ ਮੰਡੀ ’ਚ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਅੱਜ ਯਾਨੀ ਕਿ ਮੰਗਲਵਾਰ ਪ੍ਰਸ਼ਾਸਨ ਅਤੇ ਕਿਸਾਨ ਦੀ 11 ਮੈਂਬਰੀ ਕਮੇਟੀ ਨਾਲ ਹੋਈ ਗੱਲਬਾਤ ਮਗਰੋਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਬੇਨਤੀਜਾ ਰਹੀ। ਅਸੀਂ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਖ਼ਿਲਾਫ਼ ਕਾਰਵਾਈ ਅਤੇ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਸਰਕਾਰ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੈ। 

PunjabKesari

ਦੱਸਣਯੋਗ ਹੈ ਕਿ 28 ਅਗਸਤ ਨੂੰ ਕਰਨਾਲ ’ਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਇਸ ਦੇ ਵਿਰੋਧ ’ਚ ਅੱਜ ਕਿਸਾਨ ਕਰਨਾਲ ’ਚ ਮਹਾਪੰਚਾਇਤ ਕਰ ਰਹੇ ਹਨ। ਕਿਸਾਨ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਸੀ। ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਕਰਨਾਲ ਨੂੰ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਕਰਨਾਲ, ਕੁਰੂਕਸ਼ੇਤਰ, ਪਾਨੀਪਤ, ਕੈਥਲ ਅਤੇ ਜੀਂਦ ਵਿਚ ਇੰਟਰਨੈੱਟ ਬੰਦ ਦਾ ਐਲਾਨ ਕੀਤਾ ਹੈ ਅਤੇ ਧਾਰਾ -144 ਲਾਗੂ ਕੀਤੀ ਗਈ ਹੈ। 
 


author

Tanu

Content Editor

Related News