ਕਰਨਾਲ: ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਦੇ ਪੱਕੇ ਡੇਰੇ, ਟਿਕੈਤ ਬੋਲੇ- ਦਿੱਲੀ ਬਾਰਡਰ ਵਾਂਗ ਚੱਲੇਗਾ ਧਰਨਾ
Thursday, Sep 09, 2021 - 12:26 PM (IST)
ਕਰਨਾਲ— ਕਰਨਾਲ ’ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਬਾਰਡਰ ਵਾਂਗ ਕਰਨਾਲ ’ਚ ਵੀ ਕਿਸਾਨਾਂ ਦਾ ਆਉਣਾ ਜਾਰੀ ਰਹੇਗਾ। ਇਸ ਤੋਂ ਪਹਿਲਾਂ ਕਰਨਾਲ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਦੀ ਮੰਗਾਂ ਨੂੰ ਖਾਰਜ ਕਰ ਦਿੱਤਾ। ਕੱਲ੍ਹ ਕਰੀਬ 3 ਘੰਟੇ ਚੱਲੀ ਗੱਲਬਾਤ ਦੌਰਾਨ ਪ੍ਰਸ਼ਾਸਨ ਨੇ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਮੰਸ਼ਾ ਪਹਿਲਾਂ ਤੋਂ ਹੀ ਸਪੱਸ਼ਟ ਸੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਹੁਣ ਤੱਕ ਦੋ ਦੌਰ ਦੀ ਗੱਲਬਾਤ ’ਚ ਵੀ ਸਹਿਮਤੀ ਨਹੀਂ ਬਣੀ। ਕਰਨਾਲ ’ਚ ਹੁਣ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ। ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇੱਥੋਂ ਨਹੀਂ ਹਿਲਾਂਗੇ। ਇਕ ਪੱਕਾ ਮੋਰਚਾ ਇੱਥੇ ਲਾਵਾਂਗੇ। ਯੂ. ਪੀ. ਅਤੇ ਪੰਜਾਬ ਤੋਂ ਕਿਸਾਨ ਇੱਥੇ ਆਉਂਦੇ ਰਹਿਣਗੇ।
ਇਹ ਵੀ ਪੜ੍ਹੋ: ਕਰਨਾਲ ਸਕੱਤਰੇਤ ਦੇ ਬਾਹਰ ਡਟੇ ਕਿਸਾਨ, ਚਢੂਨੀ ਬੋਲੇ- ‘ਮੰਗਾਂ ਪੂਰੀਆਂ ਹੋਣ ਤੱਕ ਇੱਥੋਂ ਕਿਤੇ ਨਹੀਂ ਜਾਂਦੇ’
ਦੱਸਣਯੋਗ ਹੈ ਕਿ 28 ਅਗਸਤ ਨੂੰ ਪੁਲਸ ਨੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਸੀ। ਪੁਲਸ ਲਾਠੀਚਾਰਜ ਵਿਚ ਜ਼ਖਮੀ ਹੋਏ ਕਰਨਾਲ ਦੇ ਰਾਏਪੁਰ ਜਾਟਾਨ ਪਿੰਡ ਦੇ ਕਿਸਾਨ ਸੁਸ਼ੀਲ ਕਾਜਲ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ’ਚ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਚ ਮਹਾਪੰਚਾਇਤ ਕੀਤੀ। ਦਰਅਸਲ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਨੇ ਘਰੌਂੜਾ ਅਨਾਜ ਮੰਡੀ ’ਚ ਪੰਚਾਇਤ ਕਰ ਕੇ ਹਰਿਆਣਾ ਸਰਕਾਰ ਅੱਗੇ 3 ਮੰਗਾਂ ਰੱਖੀਆਂ ਸਨ। ਨਾਲ ਹੀ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ 6 ਸਤੰਬਤ ਤਕ ਦਾ ਅਲਟੀਮੇਟਮ ਦਿੱਤਾ ਸੀ।
ਇਹ ਵੀ ਪੜ੍ਹੋ: ਕਰਨਾਲ: ਧਰਨੇ ’ਤੇ ਡਟੇ ‘ਖੂੰਡੇ ਵਾਲੇ ਬਾਬੇ’ ਦੀ ਸਰਕਾਰ ਨੂੰ ਲਲਕਾਰ, ਵੀਡੀਓ ’ਚ ਸੁਣੋ ਕੀ ਬੋਲੇ
7 ਸਤੰਬਰ ਮੰਗਲਵਾਰ ਨੂੰ ਮਹਾਪੰਚਾਇਤ ਹੋਈ ਅਤੇ ਕਿਸਾਨਾਂ ਦਾ ਵੱਡਾ ਇਕੱਠ ਵੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਪ੍ਰਸ਼ਾਸਨ ਨੇ ਗੱਲਬਾਤ ਦਾ ਸੱਦਾ ਭੇਜਿਆ। ਇਸ ਬੈਠਕ ’ਚ ਆਲਾ ਅਧਿਕਾਰੀਆਂ ਨੇ ਕਿਸਾਨਾਂ ਦੀ 11 ਮੈਂਬਰੀ ਕਮੇਟੀ ਨਾਲ ਬੈਠਕ ਕੀਤੀ ਸੀ, ਜੋ ਕਿ ਬੇਸਿੱਟਾ ਰਹੀ। ਕਿਸਾਨ ਆਗੂ ‘ਸਿਰ ਪਾੜ੍ਹਨ’ ਵਾਲੇ ਆਦੇਸ਼ ਦੇਣ ਵਾਲੇ ਤੱਤਕਾਲੀਨ ਐੱਸ. ਡੀ. ਐੱਮ. ਆਯੁਸ਼ ਸਿਨਹਾ ਦੇ ਸਸਪੈਂਡ ’ਤੇ ਅੜੇ ਹੋਏ ਹਨ ਪਰ ਸਰਕਾਰ ਇਸ ਲਈ ਤਿਆਰ ਨਹੀਂ ਹੈ। ਇਸ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਦੇ ਆਦੇਸ਼ ਮਗਰੋਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਕੂਚ ਕੀਤਾ। ਕੱਲ੍ਹ ਵੀ ਕਿਸਾਨ ਆਗੂਆਂ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਬੈਠਕ ਹੋਈ, ਜੋ ਕਿ ਬੇਸਿੱਟਾ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ, ਸਾਡਾ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ: ਕਰਨਾਲ: ਕਿਸਾਨਾਂ ਨੇ ਮਿੰਨੀ ਸਕੱਤਰੇਤ ਅੱਗੇ ਲਾਏ ਪੱਕੇ ਡੇਰੇ, ਕਿਹਾ- ‘ਮੰਗਾਂ ਮੰਨਣ ਤੱਕ ਡਟੇ ਰਹਾਂਗੇ’