ਕਰਨਾਲ ਸਕੱਤਰੇਤ ਦੇ ਬਾਹਰ ਡਟੇ ਕਿਸਾਨ, ਚਢੂਨੀ ਬੋਲੇ- ‘ਮੰਗਾਂ ਪੂਰੀਆਂ ਹੋਣ ਤੱਕ ਇੱਥੋਂ ਕਿਤੇ ਨਹੀਂ ਜਾਂਦੇ’

Wednesday, Sep 08, 2021 - 02:34 PM (IST)

ਕਰਨਾਲ ਸਕੱਤਰੇਤ ਦੇ ਬਾਹਰ ਡਟੇ ਕਿਸਾਨ, ਚਢੂਨੀ ਬੋਲੇ- ‘ਮੰਗਾਂ ਪੂਰੀਆਂ ਹੋਣ ਤੱਕ ਇੱਥੋਂ ਕਿਤੇ ਨਹੀਂ ਜਾਂਦੇ’

ਕਰਨਾਲ— ਕਿਸਾਨਾਂ ਨੇ ਪਿਛਲੇ ਮਹੀਨੇ ਪੁਲਸ ਨੂੰ ਲਾਠੀਚਾਰਜ ਕਰਨ ਦਾ ਆਦੇਸ਼ ਦੇਣ ਵਾਲੇ ਸਾਬਕਾ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਆਯੁਸ਼ ਸਿਨਹਾ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਹੋਏ ਹਨ। ਕਿਸਾਨ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਅਸਫ਼ਲ ਹੋਣ ਮਗਰੋਂ ਮੰਗਲਵਾਰ ਸ਼ਾਮ ਮਿੰਨੀ ਸਕੱਤਰੇਤ ਦੇ ਪ੍ਰਵੇਸ਼ ਦੁਆਰਾਂ ਦੇ ਬਾਹਰ ਬੈਠੇ ਹਨ। ਕਈ ਕਿਸਾਨਾਂ ਨੇ ਉੱਥੇ ਹੀ ਰਾਤ ਬਿਤਾਈ। ਪ੍ਰਦਰਸ਼ਨਕਾਰੀ ਕਿਸਾਨ 28 ਅਗਸਤ ਨੂੰ ਇੱਥੇ ਪੁਲਸ ਦੇ ਲਾਠੀਚਾਰਜ ਕਰਨ ’ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀ ਮੁੱਖ ਮੰਗ ਕਰਨਾਲ ਦੇ ਸਾਬਕਾ ਐੱਸ. ਡੀ. ਐੱਮ. ਸਿਨਹਾ ਨਾਲ ਸਬੰਧਤ ਹੈ, ਜਿਨ੍ਹਾਂ ਦਾ ਨੌਕਰਸ਼ਾਹੀ ਵਿਚ ਵੱਡੇ ਫੇਰਬਦਲ ਦੇ ਤੌਰ ’ਤੇ ਤਬਾਦਲਾ ਕਰ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਸਿਨਹਾ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੀ ਮਹਾਪੰਚਾਇਤ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਇੱਥੇ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਕੇਂਦਰੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।

PunjabKesari

ਓਧਰ ਹਰਿਆਣਾ ਭਾਰਤੀ ਕਿਸਾਨ ਯੁੂੂਨੀਅਨ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇੱਥੋਂ ਉਦੋਂ ਤਕ ਕਿਤੇ ਨਹੀਂ ਜਾ ਰਹੇ, ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਸਿਨਹਾ ਦੇ ਮੁਅੱਤਲ ਦੀ ਮੰਗ ’ਤੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਕਹਿ ਰਹੇ ਹਾਂ ਕਿ ਉਨ੍ਹਾਂ ਦਾ ਤਬਾਦਲਾ ਕਰਨਾ ਸਜ਼ਾ ਨਹੀਂ ਹੈ। ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜਦੋਂ ਕਿਸਾਨਾਂ ’ਤੇ ਸੜਕ ਰੋਕਣ ਲਈ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਤਾਂ ਉਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਵੇ, ਜਿਨ੍ਹਾਂ ਨੇ ਪੁਲਸ ਨੂੰ ਸਿਰ ਭੰਨਣ ਦਾ ਆਦੇਸ਼ ਦਿੱਤਾ। ਕੀ ਕੋਈ ਕਾਨੂੰਨ ਹੈ, ਜਿਸ ਦੇ ਤਹਿਤ ਅਜਿਹਾ ਆਦੇਸ਼ ਦਿੱਤਾ ਜਾ ਸਕਦਾ ਹੈ? 

ਦੱਸਣਯੋਗ ਹੈ ਕਿ ਸਿਨਹਾ ਨੂੰ ਟੇਪ ’ਚ ਪੁਲਸ ਮੁਲਾਜ਼ਮਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਜੇਕਰ ਪ੍ਰਦਰਸ਼ਨਕਾਰੀ ਸੁਰੱਖਿਆ ਤੋੜਦੇ ਹਨ ਤਾਂ ਉਨ੍ਹਾਂ ਦਾ ‘ਸਿਰ ਭੰਨ ਦੇਣਾ’। ਭਾਜਪਾ ਦੀ ਇਕ ਬੈਠਕ ਸਥਲ ਵੱਲ ਮਾਰਚ ਕਰਨ ਦੀ ਕੋਸ਼ਿਸ਼ ਦੌਰਾਨ ਪੁਲਸ ਨਾਲ ਝੜਪ ਵਿਚ ਕਰੀਬ 10 ਪ੍ਰਦਰਸ਼ਨਕਾਰੀ ਕਿਸਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਇਕ ਕਿਸਾਨ ਦੀ ਬਾਅਦ ਵਿਚ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੋਸ਼ ਤੋਂ ਇਨਕਾਰ ਕੀਤਾ।


author

Tanu

Content Editor

Related News