ਕਾਰਗਿਲ ਵਿਜੇ ਦਿਵਸ: ਬਹਾਦਰ ਵੀਰ ਸਪੂਤਾਂ ਨੂੰ ਸਲਾਮ, ਜਿਨ੍ਹਾਂ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਚਟਾਈ ਧੂੜ
Wednesday, Jul 26, 2023 - 11:48 AM (IST)
ਨੈਸ਼ਨਲ ਡੈਸਕ- 1999 ਦੀ ਕਾਰਗਿਲ ਜੰਗ। ਕਾਰਗਿਲ ਜੰਗ ਦੌਰਾਨ ਭਾਰਤੀ ਫੌਜੀਆਂ ਨੇ ਆਪਣੀ ਜਾਨ ਕੁਰਬਾਨ ਕਰ ਕੇ ਦੇਸ਼ ਦੀ ਰੱਖਿਆ ਕੀਤੀ ਸੀ ਅਤੇ ਜੰਗ ਵਿਚ ਪਾਕਿਸਤਾਨ ਨੂੰ ਮਾਤ ਦਿੱਤੀ ਸੀ। ਇਸ ਦੀ ਯਾਦ ਵਿਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਅੱਜ ਕਾਰਗਿਲ ਵਿਜੇ ਦਿਵਸ 'ਤੇ ਪੂਰਾ ਦੇਸ਼ ਸ਼ਹੀਦ ਜਵਾਨਾਂ ਨੂੰ ਨਮਨ ਕਰ ਰਿਹਾ ਹੈ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲੀਦਾਨ ਅਤੇ ਹਿੰਮਤ ਦੀ ਦਾਸਤਾਨ ਹੈ। ਇਕ ਅਜਿਹੀ ਕਹਾਣੀ ਹੈ ਜਿਸ ਨੂੰ ਜਾਣ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲਾਤ ਵਿਰੋਧੀ ਹੋਣ ਤੋਂ ਬਾਅਦ ਵੀ ਭਾਰਤੀ ਫ਼ੌਜ ਨੇ ਹੌਸਲਾ ਨਹੀਂ ਹਾਰਿਆ ਅਤੇ ਪਾਕਿਸਤਾਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦਿੱਤਾ। ਪਾਕਿਸਤਾਨੀ ਘੁਸਪੈਠੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਇਹ ਲੜਾਈ ਬਹੁਤ ਦਿਲਚਸਪ ਹੈ, ਜਿਸ ਨੂੰ ਹਰ ਭਾਰਤੀ ਯਾਦ ਕਰਦਾ ਹੈ। ਇਸ ਜੰਗ ’ਚ ਭਾਰਤੀ ਫ਼ੌਜੀਆਂ ਨੇ ਪਾਕਿਸਤਾਨੀ ਫ਼ੌਜੀਆਂ ਨੂੰ ਧੂੜ ਚਟਾਈ ਸੀ।
ਇਹ ਵੀ ਪੜ੍ਹੋ- ਗੀਤਿਕਾ ਸ਼ਰਮਾ ਖੁਦਕੁਸ਼ੀ ਕੇਸ: ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਨੂੰ ਅਦਾਲਤ ਨੇ ਕੀਤਾ ਬਰੀ
ਕਾਰਗਿਲ ਯੁੱਧ 3 ਮਈ ਤੋਂ 26 ਜੁਲਾਈ 1999 ਦਰਮਿਆਨ ਚਲਿਆ। ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਕੰਟਰੋਲ ਰੇਖਾ (LOC) 'ਤੇ ਲੜੇ ਗਏ ਭਿਆਨਕ ਯੁੱਧ ਵਿਚ ਭਾਰਤ ਨੇ ਆਪਣੇ ਬਹੁਤ ਸਾਰੇ ਬਹਾਦਰ ਵੀਰ ਸਪੂਤਾਂ ਨੂੰ ਗੁਆ ਦਿੱਤਾ ਸੀ। ਭਾਰਤ ਨੇ ਆਪਣੇ ਸਾਰੇ ਖੇਤਰ ’ਤੇ ਜਿੱਤ ਹਾਸਲ ਕਰ ਲਈ ਸੀ ਅਤੇ ਸਥਿਤੀ ਨੂੰ ਬਹਾਲ ਕਰਨ ਵਿਚ ਮੁੜ ਸਫਲ ਰਿਹਾ ਸੀ। ਕਾਰਗਿਲ ਮੂਲ ਰੂਪ ਤੋਂ ਲੱਦਾਖ ਵਿਚ ਪੈਂਦਾ ਹੈ। ਦਰਅਸਲ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ 'ਤੇ ਪਾਕਿਸਤਾਨੀ ਫ਼ੌਜੀਆਂ ਨੇ ਕਬਜ਼ਾ ਕਰ ਲਿਆ ਸੀ। ਕੰਟਰੋਲ ਰੇਖਾ ਰਾਹੀਂ ਘੁਸਪੈਠ ਦੀ ਸਾਜ਼ਿਸ਼ ਰਚੀ ਗਈ ਸੀ। ਇਹ ਜੰਗ ਭਾਰਤੀ ਕੰਟਰੋਲ ਰੇਖਾ ਤੋਂ ਪਾਕਿਸਤਾਨੀ ਫੌਜਾਂ ਨੂੰ ਹਟਾਉਣ ਲਈ ਲੜੀ ਗਈ ਸੀ, ਜਿਸ 'ਚ ਭਾਰਤ ਜੇਤੂ ਰਿਹਾ।
ਇਹ ਵੀ ਪੜ੍ਹੋ- ਗੁਲਾਮ J&K ਦੇ ਬੇਘਰ ਲੋਕਾਂ ਨੂੰ ਵਿਧਾਨ ਸਭਾ 'ਚ ਮਿਲੇਗੀ ਸਥਾਈ ਪ੍ਰਤੀਨਿਧਤਾ, ਰਾਖਵੀਆਂ ਹੋਣਗੀਆਂ ਸੀਟਾਂ
ਭਾਰਤੀ ਫੌਜ ਦੇ ਬਹਾਦਰ ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਤਿਰੰਗਾ ਲਹਿਰਾ ਕੇ ਆਪਰੇਸ਼ਨ ਵਿਜੇ ਦਾ ਇਤਿਹਾਸ ਰਚਿਆ। ਕਾਰਗਿਲ ਦੀ ਲੜਾਈ ਬੇਹੱਦ ਖ਼ਤਰਨਾਕ ਸਾਬਤ ਹੋਈ। ਇਹ ਆਪਣੀ ਤਰ੍ਹਾਂ ਦੀ ਵੱਖਰੀ ਲੜਾਈ ਸੀ। ਭਾਰਤ ਨੇ ਇੰਨੇ ਮੁਸ਼ਕਲ ਹਲਾਤਾਂ ’ਚ ਲੜਾਈ ਇਕ ਅਰਸੇ ਬਾਅਦ ਲੜੀ ਸੀ। ਭਾਰਤੀ ਫ਼ੌਜ ਨੇ ਇਕ ਤੋਂ ਬਾਅਦ ਇਕ ਪਹਾੜੀ ਨੂੰ ਦੁਸ਼ਮਣਾਂ ਤੋਂ ਮੁਕਤ ਕਰਵਾਇਆ ਅਤੇ ਇਸ ਦੇ ਨਾਲ ਹੀ ਜਲਦੀ ਹੀ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਘੁਸਪੈਠ ਅੱਤਵਾਦੀਆਂ ਵੱਲੋਂ ਨਹੀਂ ਸਗੋਂ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ! ਡਾਕਟਰਾਂ ਨੇ ਔਰਤ ਦੀ ਸਰਜਰੀ ਦੌਰਾਨ ਢਿੱਡ 'ਚ ਛੱਡੀ ਕੈਂਚੀ
ਇਹ ਜੰਗ ਕੋਈ ਆਮ ਲੜਾਈ ਨਹੀਂ ਸੀ। ਇਸ ਯੁੱਧ 'ਚ ਕਾਫੀ ਗਿਣਤੀ 'ਚ ਰਾਕੇਟ ਅਤੇ ਬੰਬਾਂ ਦੀ ਵਰਤੋਂ ਹੋਈ। ਇਸ ਦੌਰਾਨ ਕਰੀਬ ਢਾਈ ਲੱਖ ਗੋਲ਼ੇ ਦਾਗੇ ਗਏ। 5,000 ਬੰਬ ਫਾਇਰ ਕਰਨ ਦੇ ਲਈ 300 ਤੋਂ ਜ਼ਿਆਦਾ ਮੋਰਟਾਰ, ਤੋਪਾਂ ਅਤੇ ਰਾਕੇਟਾਂ ਦਾ ਇਸਤੇਮਾਲ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਇਕ ਅਜਿਹਾ ਯੁੱਧ ਸੀ ਜਿਸ 'ਚ ਦੁਸ਼ਮਣ ਦੇਸ਼ 'ਤੇ ਇੰਨੀ ਜ਼ਿਆਦਾ ਗਿਣਤੀ 'ਚ ਬੰਬਾਰੀ ਕੀਤੀ ਗਈ ਸੀ। 14 ਜੁਲਾਈ 1999 ਨੂੰ ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕਾਰਗਿਲ ਨੂੰ ਵਿਜੇ ਆਪ੍ਰੇਸ਼ਨ ਐਲਾਨ ਕਰ ਦਿੱਤਾ ਸੀ। ਅੱਜ ਦੇ ਹੀ ਦਿਨ ਭਾਰਤ ਨੇ ਆਪਣੇ ਅਧਿਕਾਰ ਵਿਚ ਆਉਂਦੇ ਸਾਰੇ ਖੇਤਰ 'ਤੇ ਮੁੜ ਤੋਂ ਕਬਜ਼ਾ ਹਾਸਲ ਕਰ ਲਿਆ ਸੀ। ਦੇਸ਼ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਰਿਹਾ ਹੈ, ਜਿਨ੍ਹਾਂ ਨੇ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ। ਆਪਣੀ ਬਹਾਦਰੀ ਦੇ ਬਲ 'ਤੇ ਪਾਕਿਸਤਾਨੀ ਘੁਸਪੈਠੀਆਂ ਦੇ ਪਸੀਨੇ ਛੁਡਵਾ ਦਿੱਤੇ।