ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਸਬੰਧਤ ਮਾਮਲੇ ਵੀ ਸੰਭਾਲ ਚੁੱਕੇ ਹਨ ਕਪਿਲ ਰਾਜ

Sunday, Jul 20, 2025 - 12:21 AM (IST)

ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਸਬੰਧਤ ਮਾਮਲੇ ਵੀ ਸੰਭਾਲ ਚੁੱਕੇ ਹਨ ਕਪਿਲ ਰਾਜ

ਨੈਸ਼ਨਲ ਡੈਸਕ- ਰਾਜਨੀਤਿਕ ਤੌਰ ’ਤੇ ਸੰਵੇਦਨਸ਼ੀਲ ਜਾਂਚਾਂ ਦੀ ਅਗਵਾਈ ਕਰਨ ਲਈ ਜਾਣੇ ਜਾਂਦੇ ਕਪਿਲ ਰਾਜ (ਆਈ. ਆਰ. ਐੱਸ.: 2009) ਐਡੀਸ਼ਨਲ ਕਮਿਸ਼ਨਰ ਆਫ ਕਸਟਮਜ਼ ਐਂਡ ਇਨਡਾਇਰੈਕਟ ਟੈਕਸਿਜ਼, ਨੇ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ 17 ਜੁਲਾਈ, 2025 ਤੋਂ ਸਵੀਕਾਰ ਕਰ ਲਿਆ ਗਿਆ ਹੈ।

ਆਪਣੇ ਅਸਤੀਫੇ ਦੇ ਸਮੇਂ ਉਹ ਡਾਇਰੈਕਟੋਰੇਟ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.), ਦਿੱਲੀ ’ਚ ਐਡੀਸ਼ਨਲ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ’ਚ ਡੈਪੂਟੇਸ਼ਨ ’ਤੇ ਰਹਿਣ ਤੋਂ ਬਾਅਦ, ਜਿੱਥੇ ਉਨ੍ਹਾਂ ਨੇ ਐਡੀਸ਼ਨਲ ਡਾਇਰੈਕਟਰ ਵਜੋਂ ਕੰਮ ਕੀਤਾ ਸੀ, ਹਾਲ ਹੀ ’ਚ ਆਪਣੇ ਮੂਲ ਕੇਡਰ ’ਚ ਵਾਪਸ ਆਏ ਹਨ। ਈ. ਡੀ. ’ਚ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਹਾਈ-ਪ੍ਰੋਫਾਈਲ ਅਤੇ ਸੰਵੇਦਨਸ਼ੀਲ ਮਾਮਲਿਆਂ ਦੀ ਅਗਵਾਈ ਕੀਤੀ, ਜੋ ਰਾਸ਼ਟਰੀ ਸੁਰਖੀਆਂ ’ਚ ਆਏ। ਦਸੰਬਰ 2024 ’ਚ ਉਨ੍ਹਾਂ ਨੂੰ ਈ. ਡੀ. ਤੋਂ ਉਨ੍ਹਾਂ ਦੇ ਮੂਲ ਕੇਡਰ ’ਚ ਵਾਪਸ ਭੇਜ ਦਿੱਤਾ ਗਿਆ।

ਉਨ੍ਹਾਂ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਨੂੰ ਸੰਭਾਲਿਆ ਅਤੇ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਝਾਰਖੰਡ ਜ਼ਮੀਨ ਘਪਲਾ ਮਾਮਲੇ ਦੀ ਅਗਵਾਈ ਕੀਤੀ, ਜਿਸ ਕਾਰਨ ਝਾਰਖੰਡ ਦੇ ਇਕ ਹੋਰ ਮੌਜੂਦਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਈ. ਡੀ. ਦੇ ਮੁੰਬਈ ਦਫ਼ਤਰ ’ਚ ਤਾਇਨਾਤ ਰਹਿੰਦਿਆਂ ਉਹ ਭਗੌੜੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਸਬੰਧਤ ਪੰਜਾਬ ਨੈਸ਼ਨਲ ਬੈਂਕ ਦੇ ਵੱਡੇ ਮਾਮਲੇ ਨੂੰ ਸੰਭਾਲਣ ’ਚ ਵੀ ਸ਼ਾਮਲ ਸਨ। ਉਨ੍ਹਾਂ ਦੇ ਹੋਰ ਪ੍ਰਮੁੱਖ ਮਾਮਲਿਆਂ ’ਚ ਯੈੱਸ ਬੈਂਕ ਘਪਲਾ ਅਤੇ ਝਾਰਖੰਡ ਮਾਈਨਿੰਗ ਘਪਲਾ ਸ਼ਾਮਲ ਸਨ।


author

Rakesh

Content Editor

Related News