6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ 'ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ
Wednesday, Jul 08, 2020 - 04:41 PM (IST)
ਬਲਰਾਮਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸ਼ਹੀਦ ਹੋਏ 8 ਪੁਲਸ ਮੁਲਾਜ਼ਮਾਂ ਦਾ ਕਾਤਲ ਵਿਕਾਸ ਦੁਬੇ ਦੀ ਗ੍ਰਿ੍ਫ਼ਤਾਰੀ ਲਈ ਪੁਲਸ ਅਜੇ ਵੀ ਭਾਲ 'ਚ ਜੁੱਟੀ ਹੋਈ ਹੈ। ਲੱਗਭਗ 6 ਦਿਨਾਂ ਬਾਅਦ ਵੀ ਵਿਕਾਸ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਪੁਲਸ ਨੇ ਉਸ ਦੀ ਜਾਣਕਾਰੀ ਦੇਣ ਲਈ ਇਨਾਮੀ ਰਾਸ਼ੀ ਵੀ ਵਧਾ ਦਿੱਤੀ ਹੈ। ਹੁਣ ਵਿਕਾਸ ਦੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਮਿਲਣਗੇ, ਜੋ ਕਿ ਪਹਿਲਾਂ ਢਾਈ ਲੱਖ ਸੀ। ਬੁੱਧਵਾਰ ਨੂੰ ਬਲਰਾਮਪੁਰ ਨਾਲ ਲੱਗਦੀ ਨੇਪਾਲ ਦੀ ਕੌਮਾਂਤਰੀ ਸਰੱਹਦ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ: 8 ਪੁਲਸ ਵਾਲਿਆਂ ਦੇ ਕਾਤਲ ਵਿਕਾਸ ਦੁਬੇ 'ਤੇ ਹੁਣ 5 ਲੱਖ ਦਾ ਇਨਾਮ
ਪੁਲਸ ਅਧਿਕਾਰੀ ਦੇਵਰੰਜਨ ਵਰਮਾ ਨੇ ਕਿਹਾ ਕਿ ਬਦਨਾਮ ਅਪਰਾਧੀ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਲਈ ਜ਼ਿਲ੍ਹੇ ਨਾਲ ਲੱਗਦੀ ਨੇਪਾਲ ਦੀ ਕੌਮਾਂਤਰੀ ਸਰਹੱਦ ਅਤੇ ਬਲਰਾਮਪੁਰ ਨਾਲ ਲੱਗਦੀ ਸ਼੍ਰਾਵਸਤੀ, ਗੋਂਡਾ, ਸਿਧਾਰਥ ਨਗਰ ਸਰਹੱਦ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇੱਥੋਂ ਲੰਘਣ ਵਾਲੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਥਾਣਾ ਖੇਤਰ ਵਿਚ ਪੈਣ ਵਾਲੀਆਂ ਮਹੱਤਵਪੂਰਨ ਥਾਵਾਂ 'ਤੇ ਵੀ ਪੁਲਸ ਦੀਆਂ ਟੀਮਾਂ ਨੇ ਚੈਕਿੰਗ ਮੁਹਿੰਮ ਚਲਾਈ ਹੈ।
ਇਹ ਵੀ ਪੜ੍ਹੋ: ਪੁਲਸ ਕਤਲਕਾਂਡ: ਵਿਕਾਸ ਦੁਬੇ ਦਾ 'ਸੱਜਾ ਹੱਥ' ਸੀ ਅਮਰ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਜ਼ਿਕਰਯੋਗ ਹੈ ਕਿ ਬੀਤੀ 2-3 ਜੁਲਾਈ ਦੀ ਦਰਮਿਆਨੀ ਰਾਤ ਕਰੀਬ ਇਕ ਵਜੇ ਬਦਮਾਸ਼ ਵਿਕਾਸ ਦੁਬੇ ਨੂੰ ਫੜਨ ਗਏ ਪੁਲਸ ਦਲ 'ਤੇ ਉਸ ਦੇ ਗੁਰਗਿਆਂ ਨੇ ਤਾਬੜਤੋੜ ਗੋਲੀਆਂ ਚੱਲਾ ਕੇ ਪੁਲਸ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ, ਤਿੰਨ ਦਰੋਗਾ ਅਤੇ ਚਾਰ ਸਿਪਾਹੀਆਂ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਅੱਜ ਸਵੇਰੇ ਵਿਕਾਸ ਦੁਬੇ ਦਾ ਸੱਜਾ ਹੱਥ ਮੰਨੇ ਜਾਂਦੇ ਅਮਰ ਦੁਬੇ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਸ ਨੇ ਵਿਕਾਸ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਨਾਂ ਸ਼ਿਆਮ ਵਾਜਪੇਈ ਹੈ।